ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਲੋਕਪੱਖੀ ਤੇ ਇਤਿਹਾਸਕ ਫ਼ੈਸਲਿਆਂ ਤੋਂ ਲੋਕ ਬਾਗੋਂ-ਬਾਗ : ਗੁਰਕੀਰਤ ਕੋਟਲੀ
1 min read
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲਏ ਜਾ ਰਹੇ ਲੋਕਪੱਖੀ ਤੇ ਇਤਿਹਾਸਕ ਫ਼ੈਸਲਿਆਂ ਤੋਂ ਪੰਜਾਬ ਰਾਜ ਦੇ ਲੋਕ ਬਾਗੋਂ-ਬਾਗ ਹਨ। ਪੰਜਾਬ ਸਰਕਾਰ 24 ਘੰਟਿਆਂ ਵਿਚੋਂ ਲਗਾਤਾਰ 20 ਘੰਟੇ ਕੰਮ ਕਰਕੇ ਇੱਕ ਵਿਲੱਖਣ ਇਤਿਹਾਸ ਰਚ ਰਹੀ ਹੈ। ਸੂਬੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਅਤੇ ਆਮ ਲੋਕਾਂ ਦੀ ਭਲਾਈ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਦਯੋਗ ਤੇ ਕਮਰਸ, ਸੂਚਨਾ ਤਕਨਾਲੋਜੀ ਅਤੇ ਸਾਇੰਸ ਤੇ ਤਕਨਾਲੋਜੀ ਮੰਤਰੀ ਸ. ਗੁਰਕੀਰਤ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜੁਆਇੰਟ ਸੈਕਟਰੀ ਸ਼੍ਰੀ ਕ੍ਰਿਸ਼ਨਾ ਅਲਾਵਾਰੂ, ਮੌੜ ਤੋਂ ਵਿਧਾਇਕ ਸ਼੍ਰੀ ਜਗਦੇਵ ਕਮਾਲੂ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ (ਹਲਕਾ ਤਲਵੰਡੀ ਸਾਬੋ) ਸ਼੍ਰੀ ਖੁਸ਼ਬਾਜ ਜਟਾਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਨੇ ਤਲਵੰਡੀ ਸਾਬੋ ਦੇ ਕਮਿਊਨਿਟੀ ਸੈਂਟਰ ਅਤੇ ਮੌੜ ਦੇ ਸਦਭਾਵਨਾ ਹਾਲ ਵਿਖੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕ ਭਲਾਈ ਲਈ ਅਹਿਮ ਕਦਮ ਚੁੱਕੇ ਜਾ ਰਹੇ। ਪੰਜਾਬ ਸਰਕਾਰ ਰਾਜ ਦੇ ਆਮ ਲੋਕਾਂ ਦੀ ਸਰਕਾਰ ਹੈ। ਸੂਬਾ ਸਰਕਾਰ ਨੇ ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੈਟਰੌਲ ਤੇ ਡੀਜ਼ਲ ਸਸਤਾ ਕਰਕੇ ਇੱਕ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਮੰਤਰੀ ਮੰਡਲ ਨੇ ਕੀਮਤਾਂ ਚ ਕਟੌਤੀ ਕਰਨ ਦੇ ਮੱਦੇਨਜ਼ਰ ਪੰਜਾਬ ਰਾਜ ਵਿਚ ਪੈਟਰੌਲ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਹੈ। ਸੂਬਾ ਸਰਕਾਰ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦੇ ਕੇ ਰਾਹਤ ਦੇ ਰਹੀ ਹੈ ਉੱਥੇ ਹੀ ਪੰਜਾਬ ਰਾਜ ਵਿਚ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਦਾਇਰਾ ਹੋਰ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਮੌੜ ਵਿਖੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਰੇਤ ਮਾਫ਼ੀਆਂ ਦਾ ਖ਼ਾਤਮਾ ਕੀਤਾ ਹੈ। ਰੇਤ ਦਾ ਮੁੱਲ 9 ਰੁਪਏ ਤੋਂ ਘਟਾ ਕੇ 5.50 ਰੁਪਏ ਕਿਊਬਿਕ ਫੁੱਟ ਤੈਅ ਕੀਤਾ ਹੈ। ਇਸ ਤੋਂ ਇਲਾਵਾ ਜ਼ਮੀਨ ਦੇ ਮਾਲਕਾਂ ਨੂੰ 3 ਫੁੱਟ ਤੱਕ ਮਿੱਟੀ ਕੱਢਣ ਦੀ ਵੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਨਾ ਤਾਂ ਮੁੱਦਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਕੋਲ ਕੋਈ ਨੀਤੀ ਹੈ।
ਇਸ ਦੌਰਾਨ ਉਦਯੋਗ ਤੇ ਕਮਰਸ, ਸੂਚਨਾ ਤੇ ਸਾਇੰਸ ਤਕਨਾਲੋਜੀ ਮੰਤਰੀ ਸ. ਗੁਰਕੀਰਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿਚ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ 5 ਪਰਿਵਾਰਕ ਮੈਂਬਰਾਂ ਨੂੰ ਤਲਵੰਡੀ ਸਾਬੋ ਵਿਖੇ ਅਤੇ 2 ਪਰਿਵਾਰਕ ਮੈਂਬਰਾਂ ਨੂੰ ਮੌੜ ਵਿਖੇ ਨਿਯੁਕਤੀ ਪੱਤਰ ਦਿੱਤੇ।
ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਪੰਚਾਂ ਸਰਪੰਚਾਂ, ਮਿਊਸਪਲ ਕਾਊਂਸਲਰਾਂ ਤੇ ਆਮ ਲੋਕਾਂ ਵਲੋਂ ਆਪਣੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਵਿਚ ਜ਼ਿਆਦਾਤਰ ਸਮੱਸਿਆਵਾਂ ਪੰਚਾਇਤੀ ਛੱਪੜਾਂ, ਲਿੰਕ ਸੜਕਾਂ, ਸੀਵਰੇਜ਼, ਨਹਿਰੀ ਤੇ ਸਾਫ਼ ਪੀਣ ਵਾਲੇ ਪਾਣੀ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸ. ਕੋਟਲੀ ਵਲੋਂ ਜਲਦ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਰਾਮਾਂ ਮੰਡੀ ਵਿਖੇ ਰੇਲਵੇ ਓਵਰ ਬ੍ਰਿਜ਼ ਬਣਾਉਣ ਦੀ ਮੰਗ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿਵਾਇਆ।
