ਬਠਿੰਡਾ ‘ਚ ਵੱਖ-ਵੱਖ ਸੜਕ ਹਾਦਸਿਆਂ ’ਚ ਇਕ ਦੀ ਮੌਤ, ਦੋ ਜ਼ਖ਼ਮੀ
1 min read
ਜ਼ਿਲ੍ਹੇ ਵਿਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ‘ਚ ਇਕ ਵਿਅਕਤੀ ਦੀ ਮੌਤ ਹੋਣ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਨੇ ਪੀਡ਼ਤ ਪਰਿਵਾਰਾਂ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਵਾਹਨ ਚਾਲਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਇਸ ਸਬੰਧੀ ਥਾਣਾ ਦਿਆਲਪੁਰਾ ਦੇ ਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਵਾਸੀ ਪਿੰਡ ਦਿਆਲਪੁਰਾ ਮਿਰਜ਼ਾ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਸ ਦਾ ਘਰਵਾਲਾ ਹਰਦੀਪ ਸਿੰਘ ਸਕੂਟਰੀ ’ਤੇ ਪਿੰਡ ਕੋਠਾ ਗੁਰੂ ਕੋਲ ਜਾ ਰਿਹਾ ਸੀ, ਇਸ ਦੌਰਾਨ ਜਸਪ੍ਰੀਤ ਸਿੰਘ ਵਾਸੀ ਪਿੰਡ ਮਹਿਰਾਜ ਨੇ ਲਾਪ੍ਰਵਾਹੀ ਵਰਤਦਿਆਂ ਹੋਇਆਂ ਤੇਜ ਰਫ਼ਤਾਰ ਟਰੈਕਟਰ ਸਕੂਟਰੀ ਵਿਚ ਮਾਰਿਆ, ਜਿਸ ਕਾਰਨ ਉਸ ਦਾ ਪਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਪੀੜਤਾ ਨੇ ਦੱਸਿਆ ਕਿ ਲੰਘੀ ਦੋ ਨਵੰਬਰ ਨੂੰ ਉਸ ਦਾ ਪਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀਡ਼ਤਾਂ ਸੁਖਜੀਤ ਕੌਰ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਸਿਪਾਹੀ ਸੁਖਦੇਵ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਜੋਧਪੁਰ ਪਾਖਰ ਨੇ ਸ਼ਿਕਾਇਤ ਦਰਜ ਕਰਾਈ ਹੈ ਤਿੰਨ ਨਵੰਬਰ ਨੂੰ ਉਹ ਅਤੇ ਉਸਦਾ ਸਾਥੀ ਗੁਰਪ੍ਰੀਤ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਜੋਧਪੁਰ ਪਾਖਰ ਤੋਂ ਪਿੰਡ ਬੱਗੇਰ੍ਹ ਮੁਹੱਬਤ ਕੋਲ ਜਾ ਰਹੇ ਸਨ। ਇਸ ਦੌਰਾਨ ਅਰਸ਼ਨੂਰ ਸਿੰਘ ਵਾਸੀ ਬਗੇਰ ਮੁਹੱਬਤ ਨੇ ਟ੍ਰੈਕਟਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਪੜਤਾਲੀਆ ਅਧਿਕਾਰੀ ਨੇ ਦੱਸਿਆ ਕਿ ਪੀਡ਼ਤ ਵਿਅਕਤੀ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
