ਬਠਿੰਡਾ ਪੁਲਿਸ ਮੁਖੀ ਸਮੇਤ ਛੇ ਸੀਨੀਅਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
1 min read
ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਪੰਜਾਬ ਫੇਰੀ ਦੌਰਾਨ ‘ਸੁਰੱਖਿਆ ਵਿੱਚ ਕੁਤਾਹੀ’ ਲਈ ਬਠਿੰਡਾ ਪੁਲਿਸ ਮੁਖੀ ਸਮੇਤ ਛੇ ਸੀਨੀਅਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਥੇ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਜੈ ਮਲੂਜਾ ਅਤੇ ਪੰਜ ਹੋਰ ਅਧਿਕਾਰੀ ਪ੍ਰਧਾਨ ਮੰਤਰੀ ਦੀ 5 ਜਨਵਰੀ ਨੂੰ ਸੂਬੇ ਦੇ ਦੌਰੇ ਦੌਰਾਨ ਸੁਰੱਖਿਆ ਲਈ ਜ਼ਿੰਮੇਵਾਰ ਸਨ ਅਤੇ ਉਨ੍ਹਾਂ ਨੂੰ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰਾਲਾ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀਆਂ ਦਾ ਕੇਡਰ ਕੰਟਰੋਲ ਕਰਨ ਵਾਲਾ ਅਥਾਰਟੀ ਹੈ।
ਬੁੱਧਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕਰਨ ਤੋਂ ਬਾਅਦ ਮੋਦੀ ਦਾ ਕਾਫਲਾ ਕਰੀਬ 20 ਮਿੰਟ ਤੱਕ ਫਲਾਈਓਵਰ ‘ਤੇ ਫਸਿਆ ਰਿਹਾ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਆਪਣਾ ਪੰਜਾਬ ਦੌਰਾ ਅੱਧ ਵਿਚਾਲੇ ਛੱਡ ਕੇ ਵਾਪਸ ਪਰਤ ਗਏ।
ਗ੍ਰਹਿ ਮੰਤਰਾਲੇ ਨੇ ਇਸ ਘਟਨਾ ਨੂੰ ਸੁਰੱਖਿਆ ‘ਚ ‘ਵੱਡੀ ਕੁਤਾਹੀ’ ਕਰਾਰ ਦਿੱਤਾ ਸੀ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਹਾਂ, ਅਸੀਂ ਬਠਿੰਡਾ ਦੇ ਐਸਐਸਪੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ਵਿੱਚ ਗੰਭੀਰ ਕਮੀਆਂ ਬਾਰੇ ਜਵਾਬ ਦੇਣ ਲਈ ਕਿਹਾ ਹੈ।”
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਡਿਊਟੀ ‘ਤੇ ਰਹੇ ਪੰਜਾਬ ਪੁਲਿਸ ਦੇ ਘੱਟੋ-ਘੱਟ ਪੰਜ ਹੋਰ ਸੀਨੀਅਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਬਾਕੀ ਅਧਿਕਾਰੀਆਂ ਦੀ ਪਛਾਣ ਦਾ ਤੁਰੰਤ ਖੁਲਾਸਾ ਨਹੀਂ ਕੀਤਾ ਗਿਆ, ਪਰ ਸੂਤਰਾਂ ਨੇ ਕਿਹਾ ਕਿ ਉਹ ਐਸਐਸਪੀ, ਡੀਆਈਜੀ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਪੁਲਿਸ ਅਧਿਕਾਰੀ ਸਨ।
