ਬਠਿੰਡਾ ਸ਼ਹਿਰੀ ਤੋਂ ਜਗਰੂਪ ਗਿੱਲ ਨੂੰ ‘ਆਪ’ਉਮੀਦਵਾਰ ਐਲਾਨਿਆ
1 min read
ਆਮ ਆਦਮੀ ਪਾਰਟੀ ਨੇ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ।ਇਸ ਤੋਂ ਪਹਿਲਾਂ ਜਗਰੂਪ ਗਿੱਲ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਵਜੋਂ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਹੇ ਸਨ। ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੇ ਰਹਿ ਚੁੱਕੇ ਹਨ । ਗਿੱਲ ਲਗਾਤਾਰ ਛੇ ਵਾਰ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਕੌਂਸਲਰ ਬਣਦੇ ਆ ਰਹੇ ਹਨ। ਉਨ੍ਹਾਂ ਲੰਘੀਆਂ ਨਗਰ ਨਿਗਮ ਚੋਣਾਂ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਕੇ ਇਲੈਕਸ਼ਨ ਲੜੀ ਸੀ ਜਿਸ ਵਿਚੋਂ ਜੇਤੂ ਰਹੇ ਸਨ। ਉਹ ਬਠਿੰਡਾ ਨਗਰ ਨਿਗਮ ਲਈ ਮੇਅਰ ਦੇ ਵੱਡੇ ਦਾਅਵੇਦਾਰ ਮੰਨੇ ਜਾਂਦੇ ਸਨ ਪਰ ਐਨ ਮੌਕੇ ਤੇ ਇਹ ਕਾਂਗਰਸ ਪਾਰਟੀ ਨੇ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ, ਜਿਸ ਤੋਂ ਬਾਅਦ ਗਿੱਲ ਦੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਨਾਰਾਜ਼ਗੀ ਵਧ ਗਈ ਅਤੇ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਆਮ ਆਦਮੀ ਪਾਰਟੀ ਨੇ ਜਗਰੂਪ ਗਿੱਲ ਨੂੰ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਪਹਿਲਾਂ ਹੀ ਬਠਿੰਡਾ ਸ਼ਹਿਰੀ ਹਲਕੇ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਹੈ ਜਦੋਂ ਕਿ ਕਾਂਗਰਸ ਪਾਰਟੀ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ।
