ਬਰਨਾਲਾ ’ਚ ਪੰਜਾਬ ਦੇ ਰਾਜਪਾਲ ਕੱਲ੍ਹ, ਸਰਕਾਰੀ ਸਕੀਮਾਂ ਦਾ ਲੈਣਗੇ ਜਾਇਜ਼ਾ
1 min read
ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ 14 ਦਸੰਬਰ ਦਿਨ ਮੰਗਲਵਾਰ ਨੂੰ ਬਰਨਾਲਾ ਦੇ ਰੈਸਟ ਹਾਊਸ ਵਿਖੇ ਬਾਅਦ ਦੁਪਹਿਰ ਪੁੱਜ ਰਹੇ ਹਨ। ਸਰਕਾਰੀ ਸੂਤਰਾਂ ਅਨੁਸਾਰ ਰਾਜਪਾਲ ਬਰਨਾਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਸਮੇਤ ਹੋਰ ਅਧਿਕਾਰੀਆਂ ਨਾਲ ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਸਮੀਖਿਆ ਕਰਨਗੇ। ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਬਰਨਾਲਾ ’ਚ ਚੱਲ ਰਹੀਆਂ ਕੇਂਦਰ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਕੇ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਕੀਤੇ ਜਾ ਰਹੇ ਪ੍ਰਸ਼ਾਸਨਿਕ ਉਪਰਾਲਿਆਂ ਦੀ ਵੀ ਗੰਭੀਰਤਾ ਨਾਲ ਜਾਂਚ ਕਰਨਗੇ। ਰਾਜਪਾਲ ਪੰਜਾਬ ਵਲੋਂ ਆਯੁੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ, ਸਵੱਛ ਭਾਰਤ ਮਿਸ਼ਨ ਸ਼ਹਿਰੀ, ਸਵੱਛ ਭਾਰਤ ਮਿਸ਼ਨ ਪੇਂਡੂ, ਜਲ ਜੀਵਨ ਮਿਸ਼ਨ, ਮਗਨਰੇਗਾ, ਪੀ.ਐੱਸ ਕੌਸ਼ਲ ਵਿਕਾਸ ਯੋਜਨਾ, ਪੀ.ਐੱਮ ਅਵਾਸ ਯੋਜਨਾ ਪੇਂਡੂ, ਸਮੱਗਰਾ ਸਿੱਖਿਆ ਤੇ ਪੋਸ਼ਣ ਅਭਿਆਨ ਬਾਰੇ ਸਮੀਖਿਆ ਕਰਨਗੇ। ਉਨ੍ਹਾਂ ਦੀ ਆਮਦ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਨਾਲਾ ਦੇ ਰੈਸਟ ਹਾਊਸ ਵਿਖੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
