July 6, 2022

Aone Punjabi

Nidar, Nipakh, Nawi Soch

ਬਿਖੜੇ ਪੈਂਡਿਆਂ ’ਚ ਪਾਵਨ ਸੀਸ ਦੀ ਯਾਤਰਾ

1 min read

ਚਾਂਦਨੀ ਚੌਂਕ ਦਿੱਲੀ ’ਚ 11 ਨਵੰਬਰ 1675 ਨੂੰ ਦਿਨ ਦਿਹਾੜੇ ਜੋ ਕਹਿਰ ਵਰਤਿਆ, ਸਭ ਕੋਈ ਕੰਬ ਉੱਠਿਆ, ਹਿਰਦੇ ਵਲੂੰਧਰੇ ਗਏ, ਧਰਤੀ ਕੰਬ ਉੱਠੀ ਤੇ ਆਸਮਾਨ ਵੀ ਡੋਲ ਗਿਆ। ਧਰਮਾਂ ’ਚ ਆਸਥਾ ਰੱਖਣ ਵਾਲੇ ਧਰਮੀ ਲੋਕ ਤੇ ਦਇਆਵਾਨ ਤੜਫ ਉੱਠੇ : ‘ਹੈ ਹੈ ਜਗ ਭਯੋ ਜੈ ਜੈ ਜੈ ਸੁਰਲੋਕ’। ਚਾਰੇ ਪਾਸੇ ਹਾਹਾਕਾਰ ਮਚ ਗਈ। ਦੇਵ ਲੋਕ ’ਚ ਜੈ-ਜੈ ਕਾਰ ਦੇ ਨਾਅਰੇ ਗੂੰਜਣ ਲੱਗੇ, ‘ਤੇਗ ਬਹਾਦਰ ਕੇ ਚਲਤ ਭਯੋ ਜਗਤ ਕਉ ਸੋਕ।’

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸਾਰਾ ਸੰਸਾਰ ਸ਼ੋਕਮਈ ਹੋ ਗਿਆ। ਚੱਕ ਮਾਤਾ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਤੋਂ ਚਲੇ ਪਰਵਾਨੇ ਜਦੋਂ ਧਰਮ ਲਈ ਕੁਰਬਾਨ ਹੋ ਚੁੱਕੇ ਚਾਂਦਨੀ ਚੌਕ ਅੰਦਰ ਤਾਂ ਜ਼ਾਲਮ ਹਕੂਮਤ ਲਈ ਲਾਹਨਤਾਂ ਤੋਂ ਬਗ਼ੈਰ ਬਾਕੀ ਕੁਝ ਨਾ ਬਚਿਆ। ਗ਼ੈਰ ਮਨੁੱਖੀ ਤਸ਼ੱਦਦ ਦੀ ਕਹਾਣੀ ਵਹਿਸ਼ੀਪੁਣੇ ਦੀ ਅਜਿਹੀ ਨੀਚਤਾ ਪਹਿਲਾਂ ਕਦੇ ਵੇਖਣ ਸੁਣਨ ਨੂੰ ਨਹੀਂ ਸੀ ਮਿਲੀ।ਦਿੱਲੀ ਦੇ ਚਾਂਦਨੀ ਚੌਕ ਵਿਚ ਉਸ ਵੇਲੇ ਆਮ ਰਾਹਗੀਰਾਂ ਨੂੰ ਇਕੱਠੇ ਕਰ ਲਿਆ ਗਿਆ। ਇਨ੍ਹਾਂ ਤਮਾਸ਼ਬੀਨਾਂ ਦੀ ਭੀੜ ਵਿਚ ਗੁਰੂ ਦੇ ਆਗਿਆਕਾਰੀ ਸਪੂਤ ਭਾਈ ਜੈਤਾ ਜੀ ਵੀ ਸਾਰਾ ਮੰਜਰ ਅੱਖੀਂ ਵੇਖ ਰਹੇ ਸੀ। ਸ਼ਹਾਦਤ ਤੋਂ ਬਾਅਦ ਸੀਸ ਦੀ ਸੰਭਾਲ ਦੀ ਸੇਵਾ, ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਦੀ ਜ਼ਿੰਮੇਵਾਰੀ, ਪਹਿਲਾਂ ਹੀ ਨੌਵੇਂ ਗੁਰੂਦੇਵ ਲਾ ਕੇ ਗਏ ਸੀ।

ਗੁਰੂ ਘਰ ਦਾ ਸ਼ਰਧਾਵਾਨ ਪਰਿਵਾਰ

ਭਾਈ ਜੈਤਾ ਜੀ ਦਾ ਪਿਛੋਕੜ ਭਾਵੇਂ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਕੱਥੂ ਨੰਗਲ (ਗੱਗੋ ਮਹਿਲ) ਨਾਲ ਜੁੜਦਾ ਹੈ ਕਿਉਂਕਿ ਇਨ੍ਹਾਂ ਦੇ ਵਡੇਰੇ ਭਾਈ ਕਲਿਆਣ ਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਮੂਹਰੀ ਸੇਵਕਾਂ ’ਚੋਂ ਇਕ ਸਨ। ਆਪ ਜੀ ਨੂੰ 5ਵੇਂ ਗੁਰੂ ਜੀ ਨੇ ਮੰਡੀ ਰਿਆਸਤ ਤੋਂ ਇਕ ਵਾਰ ਇਮਾਰਤੀ ਲੱਕੜ ਖ਼ਰੀਦਣ ਲਈ ਵੀ ਭੇਜਿਆ ਸੀ। ਭਾਈ ਕਲਿਆਣ ਦਾਸ ਜੀ ਭਾਈ ਬਹਿਲੋ ਜੀ, ਬਾਬਾ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਗੁਰਦਾਸ ਜੀ ਦੇ ਵੀ ਸਮਕਾਲੀ ਹੋਏ। ਉਨ੍ਹਾਂ ਦਾ ਗੁਰੂ ਘਰ ਦੀਆਂ ਸੇਵਾਵਾਂ ’ਚ ਅਹਿਮ ਯੋਗਦਾਨ ਰਿਹਾ।

ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ

ਭਾਈ ਜੈਤਾ ਜੀ ਪਾਵਨ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਪਰਿਵਾਰ ਵੱਲੋਂ ਇਕ ਸੁੰਦਰ ਪਾਲਕੀ ਫੁੱਲਾਂ ਨਾਲ ਸਜਾ ਕੇ ਲਿਆਂਦੀ ਗਈ। ਮਾਤਾ ਨਾਨਕੀ ਜੀ, ਮਾਂ ਗੁਜਰੀ ਜੀ, ਬੀਬੀ ਵੀਰੋ ਜੀ ਸੰਗ 5 ਬੇਟੇ, ਨੌਵੇਂ ਗੁਰੂ ਜੀ ਦੇ ਰਿਸ਼ਤੇ ’ਚ ਵੱਡੇ ਭਰਾਤਾ ਸੂਰਜ ਮੱਲ ਤੇ ਉਨ੍ਹਾਂ ਦਾ ਪਰਿਵਾਰ ਤੇ ਹੋਰ ਬਹੁਤ ਸਾਰੀ ਸੰਗਤ ਵੀ ਨਾਲ ਚੱਲ ਪਈ । ਸੀਸ ਨੂੰ ਵਾਰੀ- ਵਾਰੀ ਸਭਨਾਂ ਨੇ ਨਮਸਕਾਰ ਕਰੀ । ਭਾਈ ਜੈਤਾ ਜੀ ਨੇ ਸਤਿਗੁਰਾਂ ਦਾ ਸੀਸ 10ਵੇਂ ਗੁਰੂ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤਾ। ਬੇਟੇ ਨੇ ਪਿਤਾ ਦਾ ਸੀਸ ਅਦਬ ਸਹਿਤ ਲੈ ਕੇ ਪਾਲਕੀ ’ਚ ਸਜਾਇਆ ਤੇ ਵਾਰੀ- ਵਾਰੀ ਸਭਨਾਂ ਨੂੰ ਦਰਸ਼ਨ ਹੋਏ । ਪਾਲਕੀ ਮੋਢਿਆਂ ’ਤੇ ਉਠਾ ਕੇ ਸਭ ਸੰਗਤ ਵਾਰੋ-ਵਾਰੀ ਮੋਢਾ ਲਾਉਂਦੀ ਹੋਈ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀ ਤੇ ਸ਼ਬਦ ਕੀਰਤਨ ਕਰਦੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ। ਇਸ ਮੌਕੇ ਮਾਹੌਲ ਬੜਾ ਭਾਵੁਕ ਸੀ। ਰਿਹਾਇਸ਼ ਵਾਲੇ ਘਰ ਮਕਾਨ ਗੁਰੂ ਕੇ ਮਹਿਲ ਦੇ ਸਾਹਮਣੇ ਖੁੱਲ੍ਹੇ ਮੈਦਾਨ ’ਚ ਦਸਵੇਂ ਪਾਤਸ਼ਾਹ ਬਾਲ ਗੁਰੂ ਜੀ ਨੇ ਖ਼ੁਦ ਚੰਦਨ ਦੀ ਚਿਖਾ ਤਿਆਰ ਕੀਤੀ ਤੇ ਸੀਸ ਨੂੰ ਹੱਥੀਂ ਚਿਖਾ ’ਤੇ ਟਿਕਾਇਆ। ਗੁਰੂ ਪਿਤਾ ਦੇ ਪਾਵਨ ਸੀਸ ਨੂੰ ਹੱਥੀਂ ਅਗਨੀ ਦਿਖਾਈ । ਜਿੱਥੇ ਪਾਵਨ ਸੀਸ ਦਾ ਸੰਸਕਾਰ ਹੋਇਆ, ਇੱਥੇ ਵੀ ਅੱਜਕੱਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨਤਮਸਤਕ ਹੁੰਦੀ ਹੈ।

Leave a Reply

Your email address will not be published. Required fields are marked *