ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ‘ਤੇ ਸੰਘਣੀ ਧੁੰਦ ‘ਚ ਉੱਡਦੇ ਪਾਕਿਸਤਾਨੀ ਡ੍ਰੋਨ ‘ਤੇ ਕੀਤੀ ਫਾਇਰਿੰਗ
1 min read
ਕੜਾਕੇ ਦੀ ਪੈ ਰਹੀ ਠੰਡ ਤੇ ਸੰਘਣੀ ਧੁੰਦ ਦੀ ਆੜ ਹੇਠ ਦੇਸ਼ ਵਿਰੋਧੀ ਅਨਸਰਾਂ ਵੱਲੋਂ ਜਿੱਥੇ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਂਘ ਵਿਚ ਹਨ ਉੱਥੇ ਸ਼ੁੱਕਰਵਾਰ ਦੀ ਰਾਤ ਬੀਐਸਐਫ ਵੱਲੋਂ ਫ਼ਿਰੋਜ਼ਪੁਰ ਦੀ ਸਰਹੱਦ ‘ਤੇ ਬੀਓਪੀ ਵਨ ਤੇ ਸਰਹੱਦ ‘ਤੇ ਉੱਡਦਾ ਡਰੋਨ ਹੇਠਾਂ ਸੁੱਟਣ ਤੋਂ ਇਲਾਵਾ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੇ ਜਵਾਨਾਂ ਵੱਲੋਂ ਸ਼ਨਿੱਚਰਵਾਰ ਤੜਕਸਾਰ 7.40 ਦੇ ਕਰੀਬ ਸਰਹੱਦ ‘ਤੇ ਸੰਘਣੀ ਧੁੰਦ ਵਿਚ ਉੱਡਦੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕਰਕੇ ਡਰੋਨ ਦੀ ਭਾਰਤੀ ਖੇਤਰ ਵਿਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਵਿਚ ਪਿਛਲੇ ਸਮੇਂ ਵਿਚ ਵੱਖ ਵੱਖ ਬਟਾਲੀਅਨਾਂ ਦੀਆਂ ਬੀਓਪੀ ਤੇ 18 ਬਿਹਾਰ ਦੇ ਕਰੀਬ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਜਾ ਚੁੱਕੀ ਹੈ। ਬੀਓਪੀ ਬੋਹੜ ਵਡਾਲਾ ‘ਤੇ ਅੱਜ ਸਵੇਰੇ ਸਰਹੱਦ ‘ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ‘ਤੇ ਪਾਕਿਸਤਾਨੀ ਡ੍ਰੋਨ ਉੱਠਦਾ ਵੇਖਿਆ। ਸੰਘਣੀ ਧੁੰਦ ਵਿਚ ਉੱਡਦੇ ਡ੍ਰੋਨ ਨੂੰ ਵੇਖਦਿਆਂ ਹੀ ਬੀਐਸਐਫ ਜਵਾਨਾਂ ਵੱਲੋਂ ਡ੍ਰੋਨ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਵੱਲੋਂ ਸੰਘਣੀ ਧੁੰਦ ਦੌਰਾਨ ਸਰਹੱਦ ‘ਤੇ ਉੱਡਦੇ ਪਾਕਿਸਤਾਨੀ ਡਰੋਨ ਨੂੰ ਵੇਖਦਿਆਂ ਹੀ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬੀਐਸਐਫ ਜਵਾਨਾਂ ਵੱਲੋਂ ਇਲਾਕੇ ਵਿਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ।
