ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਇਕ ਹੋਟਲ ’ਚ ਠਹਿਰੇ ਸਨ ਗਗਨਦੀਪ ਤੇ ਇਕ ਔਰਤ
1 min read
ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ’ਚ ਇੱਕ ਹੋਰ ਪਰਤ਼ ਖੁੱਲ੍ਹ ਕੇ ਸਾਹਮਣੇ ਆਈ ਹੈ। ਬੰਬ ਧਮਾਕੇ ਦੇ 48 ਘੰਟੇ ਪਹਿਲਾਂ ਮੰਗਲਵਾਰ ਨੂੰ ਗਗਨਦੀਪ ਸਿੰਘ ਇੱਕ ਔਰਤ ਨਾਲ ਖੰਨਾ ਦੇ ਸਮਰਾਲਾ ਚੌਂਕ ਨਜ਼ਦੀਕ ਇੱਕ ਹੋਟਲ ਡਾਊਨ ਟਾਊਨ ’ਚ ਰੁਕਿਆ ਸੀ। ਉਨ੍ਹਾਂ ਨੇ 24 ਘੰਟੇ ਲਈ ਕਮਰਾ ਲਿਆ ਸੀ ਤੇ ਉਹ ਮਹਿਜ 4 ਘੰਟੇ ਦੇ ਕਰੀਬ ਰੁਕੇ ਤੇ ਵਾਪਸ ਚਲੇ ਗਏ। ਜਾਂਚ ਟੀਮ ਨੇ ਹੋਟਲ ਦੀ ਸੀਸੀਟਵੀ ਫੁਟੇਜ ਕਬਜ਼ੇ ’ਚ ਲੈ ਲਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਹੋਟਲ ਦਾ ਕਮਰਾ ਕਿਉਂ ਲਿਆ ਤੇ ਇੱਥੇ ਕੀ ਕੀਤਾ ਗਿਆ। ਸ਼ੱਕ ਇਹ ਵੀ ਕੀਤਾ ਜਾ ਰਿਹਾ ਹੈ ਕਿਇਹ ਔਰਤ ਉਹੀ ਕਾਂਸਟੇਬਲ ਹੈ, ਜੋ ਗਗਨਦੀਪ ਸਿੰਘ ਦੀ ਮਿੱਤਰ ਦੱਸੀ ਜਾ ਰਹੀ ਹੈ ਜਾਂ ਕੋਈ ਹੋਰ। ਸੂਤਰਾਂ ਅਨੁਸਾਰ ਹੋਟਲ ਦਾ ਕਮਰਾ ਬੁੱਕ ਕਰਵਾਉਣ ਸਮੇਂ ਗਗਨਦੀਪ ਸਿੰਘ ਤੇ ਔਰਤ ਦੇ ਅਸਲੀ ਪਛਾਣ ਪੱਤਰ ਵੀ ਜਮ੍ਹਾ ਕਰਵਾਏ ਗਏ ਸੀ। ਇਸ ਦੇ ਨਾਲ ਹੀ ਹੋਟਲ ਦੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਕਰੀਬ ਢਾਈ ਮਹੀਨੇ ਪਹਿਲਾਂ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਵੀ ਗਗਨਦੀਪ ਲਗਾਤਾਰ ਥਾਣਾ ਸਦਰ ਖੰਨਾ ਦੇ ਚੱਕਰ ਕੱਟਦਾ ਰਹਿੰਦਾ ਸੀ। ਗਗਨਦੀਪ ਇਸ ਥਾਣੇ ‘ਚ ਹੈੱਡ ਗ੍ਰੰਥੀ ਸੀ ਜਦੋਂ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜਿਆ ਗਿਆ ਸੀ। ਜਾਣਕਾਰੀ ਮੁਤਾਬਕ ਐਨਆਈਏ ਦੀ ਟੀਮ ਸਦਰ ਥਾਣੇ ਅਤੇ ਇਸ ਦੇ ਆਸਪਾਸ ਦੇ ਇਲਾਕੇ ਵਿੱਚ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਗਗਨਦੀਪ ਦੇ ਸੰਪਰਕ ‘ਚ ਆਏ ਕੁਝ ਹੋਰ ਪੁਲਿਸ ਮੁਲਾਜ਼ਮਾਂ ਤੋਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਸਕਦੀਆਂ ਹਨ। ਇਸ ਸਬੰਧੀ ਖੰਨਾ ਪੁਲਿਸ ‘ਚ ਵੀ ਹੜਕੰਪ ਮਚ ਗਿਆ ਹੈ। ਇਸ ਬਾਰੇ ਕੋਈ ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ।
