ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ‘ASI’ ਖਿਲਾਫ਼ ਕੇਸ ਦਰਜ
1 min read
ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ ਜੋ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਠੱਗੀ ਦਾ ਸ਼ਿਕਾਰ ਬਣੇ ਇਕ ਵਿਅਕਤੀ ਨੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਤਫਤੀਸ਼ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕੀਤਾ।
ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੀਆਰਪੀਐਫ ਕਾਲੋਨੀ ਦੁੱਗਰੀ ਦੇ ਵਾਸੀ ਹਰਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਬੱਸ ਕੰਪਨੀ ‘ਚ ਨੌਕਰੀ ਕਰਦਾ ਹੈ। ਕੁਝ ਮਹੀਨੇ ਪਹਿਲਾਂ ਖ਼ੁਦ ਨੂੰ ਟ੍ਰੈਫਿਕ ਪੁਲਿਸ ਦਾ ਏਐਸਆਈ ਹਰਦੀਪ ਸਿੰਘ ਦੱਸਣ ਵਾਲਾ ਮੁਲਜ਼ਮ ਉਸ ਦੇ ਕੋਲ ਆਇਆ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਮੁਲਜ਼ਮ ਨੇ ਹਰਚਰਨਜੀਤ ਸਿੰਘ ਨੂੰ ਇਹ ਕਹਿ ਕੇ ਝਾਂਸੇ ਵਿਚ ਲੈ ਲਿਆ ਕੇ ਉਸ ਦੀ ਉੱਚੀ ਪਹੁੰਚ ਹੈ ਤੇ ਉਹ ਕਦੇ ਵੀ ਉਸ ਦੇ ਕੰਮ ਆ ਸਕਦਾ ਹੈ। ਕੁਝ ਦਿਨਾਂ ਬਾਅਦ ਮੁਲਜ਼ਮ ਉਸ ਕੋਲੋਂ ਇਹ ਕਹਿ ਕੇ 5000 ਰੁਪਏ ਲੈ ਗਿਆ ਕਿ ਉਸਦਾ ਪਰਸ ਘਰ ਰਹਿ ਗਿਆ ਹੈ। ਧੋਖਾਧੜੀ ਕਰਨ ਤੋਂ ਬਾਅਦ ਮੁਲਜ਼ਮ ਮੁੜ ਕੇ ਵਾਪਸ ਨਾ ਆਇਆ। ਆਪਣੇ ਜ਼ਰੀਏ ਤਲਾਸ਼ ਕਰਨ ‘ਤੇ ਹਰਚਰਨਜੀਤ ਨੂੰ ਪਤਾ ਲੱਗਾ ਕਿ ਮੁਲਜ਼ਮ ਪਿੰਡ ਰਸੀਨ ਦਾ ਰਹਿਣ ਵਾਲਾ ਹੈ। ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਨੇ ਇਸ ਤਰ੍ਹਾਂ ਕਈ ਵਿਅਕਤੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਰਚਰਨਜੀਤ ਸਿੰਘ ਦੇ ਬਿਆਨਾਂ ਉਪਰ ਮੁਲਜ਼ਮ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
