ਮਨਪ੍ਰੀਤ ਬਾਦਲ ਤੇ ਕੁੱਤਵਾਲ ਦੇ ਪੋਸਟਰ ਦੇਖ ਭੜਕੇ ਲੋਕ, ਕਿਸਾਨਾਂ ਦੀ ਮਦਦ ਨਾਲ ਲੁਹਾ ਕੇ ਕੀਤੇ ਅੱਗ ਹਵਾਲੇ,
1 min read
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗੁਰਜੰਟ ਸਿੰਘ ਕੁੱਤੀਵਾਲ ਦੀਆਂ ਤਸਵੀਰਾਂ ਵਾਲੇ ਪਿੰਡਾਂ ਵਿੱਚ ਲੱਗੇ ਪੋਸਟਰ ਦੇਖ ਕੇ ਲੋਕ ਭੜਕ ਉੱਠੇ। ਪਿੰਡਾਂ ‘ਚ ਵਿੱਤ ਮੰਤਰੀ ਦੇ ਪੋਸਟਰ ਲਾਉਣ ਵਾਲਿਆਂ ਨੂੰ ਕਿਸਾਨਾਂ ਦੀ ਮਦਦ ਨਾਲ ਲੋਕਾਂ ਨੇ ਘੇਰ ਲਿਆ ਤੇ ਉਨ੍ਹਾਂ ਤੋਂ ਹੀ ਲੁਹਾਏ ਪੋਸਟਰ ਅੱਗ ਹਵਾਲੇ ਕਰ ਦਿੱਤੇ। ਕਿਸਾਨਾਂ ਨੇ ਪੋਸਟਰ ਲਾਉਣ ਵਾਲੇ ਨੌਜਵਾਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਨੇ ਨੌਕਰੀ ਜਾਂ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਵੱਲੋਂ ਨਾਂਹ ਕਰਨ ‘ਤੇ ਕਿਸਾਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਮਨਪ੍ਰੀਤ ਬਾਦਲ ਦੀ ਤਸਵੀਰ ਵਾਲੇ ਪੋਸਟਰ ਲਗਾਏ ਗਏ ਹਨ, ਉਹ ਲਾਹ ਕੇ ਪਾੜ ਦਿੱਤੇ ਜਾਣ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਪਿੰਡਾਂ ਵਿੱਚੋਂ ਲਾਏ ਪੋਸਟਰ ਲਾ ਕੇ ਪਾੜਨੇ ਸ਼ੁਰੂ ਕਰ ਦਿੱਤੇ।
ਉਕਤ ਘਟਨਾ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਿਸਾਨਾਂ ਨੇ ਨੌਜਵਾਨਾਂ ਕੋਲੋਂ ਪੋਸਟਰ ਲੈ ਕੇ ਉਨ੍ਹਾਂ ਨੂੰ ਅੱਗ ਹਵਾਲੇ ਕਰ ਦਿੱਤਾ। ਕਿਸਾਨਾਂ ਨੇ ਪੋਸਟਰ ਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਤੋਂ ਬਾਅਦ ਪਿੰਡਾਂ ਅੰਦਰ ਨਾ ਆਉਣ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪੌਣੇ ਪੰਜ ਸਾਲ ਤੋਂ ਖ਼ਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਦਾ ਰਿਹਾ ਹੈ ਪਰ ਹੁਣ ਚੋਣਾਂ ਨੇੜੇ ਦੇਖ ਕੇ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਠਿੰਡਾ ਦਿਹਾਤੀ ਹਲਕੇ ਦੇ ਵਿਕਾਸ ਨੂੰ ਰੋਕਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਹੁਣ ਪੋਸਟਰ ਲਗਾ ਰਹੇ ਹਨ ਕਾਂਗਰਸ ਦੀ ਪਹਿਚਾਣ ਵਿਕਾਸ ਤੇ ਨਿਰਮਾਣ।

ਲੋਕਾਂ ਨੇ ਕਿਹਾ ਕਿ ਵਿੱਤ ਮੰਤਰੀ ਦੱਸੇ ਕਿ ਉਸ ਨੇ ਕਿਹੜਾ ਵਿਕਾਸ ਕਰਵਾਇਆ ਹੈ। ਲੋਕਾਂ ਨੇ ਕਿਹਾ ਕਿ ਹਲਕੇ ਵਿੱਚ ਪੋਸਟਰ ਲਾਉਣ ਵਾਲਾ ਗੁਰਜੰਟ ਕੁੱਤੀਵਾਲ ਇਸ ਤੋਂ ਦਸ ਸਾਲ ਪਹਿਲਾਂ ਕਿੱਥੇ ਰਿਹਾ ਉਹ ਵੀ ਜਵਾਬ ਦੇਵੇ। ਕਿਸਾਨਾਂ ਨੇ ਕਿਹਾ ਕਿ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਬਰਸਾਤੀ ਡੱਡੂ ਬਾਹਰ ਨਿਕਲਣੇ ਸ਼ੁਰੂ ਹੋ ਗਏ ਹਨ ਇਸ ਲਈ ਕਿਸਾਨਾਂ ਤੇ ਆਮ ਲੋਕਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਬਾਹਰ ਨਿਕਲਣ ਵਾਲੇ ਆਗੂਆਂ ਅਤੇ ਵੋਟਾਂ ਲਈ ਆਉਣ ਵਾਲੇ ਨੇਤਾਵਾਂ ਤੋਂ ਸਵਾਲ ਪੁੱਛੇ ਜਾਣ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਕਿਸਾਨ ਆਗੂ ਕਹਿ ਰਹੇ ਹਨ ਕਿ ਮਨਪ੍ਰੀਤ ਬਾਦਲ ਜਿੱਥੇ ਵੀ ਜਾਂਦਾ ਹੈ ਵਿਕਾਸ ਦੀ ਜਗ੍ਹਾ ਵਿਨਾਸ਼ ਕਰਦਾ ਹੈ ਇਸ ਲਈ ਮਨਪ੍ਰੀਤ ਬਾਦਲ ਨੂੰ ਬਠਿੰਡਾ ਦਿਹਾਤੀ ਦੇ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਵੀਡੀਓ ਵਿੱਚ ਕਿਸਾਨ ਆਗੂ ਪੋਸਟਰ ਲਾਉਣ ਵਾਲੇ ਨੌਜਵਾਨਾਂ ਨੂੰ ਸਵਾਲ ਕਰ ਰਹੇ ਹਨ ਕਿ ਉਹ ਦੱਸਣ ਵਿੱਤ ਮੰਤਰੀ ਨੇ ਪੰਜਾਬ ਦਾ ਕੀ ਭਲਾ ਕੀਤਾ ਹੈ ਜੇ ਕਰੋ ਇੱਕ ਭਲਾਈ ਦਾ ਕਾਰਜ ਦੱਸ ਦੇਣ ਤਾਂ ਉਹ ਖੁਦ ਮਨਪ੍ਰੀਤ ਬਾਦਲ ਦੇ ਪੋਸਟਰ ਨਾਲ ਪਿੰਡਾਂ ਵਿਚ ਲਵਾਉਣਗੇ। ਇਸ ਤੇ ਪੋਸਟਰ ਲਾਉਣ ਵਾਲੇ ਨੌਜਵਾਨ ਕਹਿ ਰਹੇ ਹਨ ਕਿ ਕਾਂਗਰਸ ਸਰਕਾਰ ਨੇ ਅਜੇ ਤਕ ਲੋਕਾਂ ਲਈ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਕਿਸਾਨ ਆਗੂਆਂ ਦੀ ਅਗਵਾਈ ਹੇਠ ਉਕਤ ਨੌਜਵਾਨ ਮਨਪ੍ਰੀਤ ਬਾਦਲ ਦੇ ਪੋਸਟਰ ਲਾ ਕੇ ਪਾੜ ਦਿੰਦੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਹਨ। ਲਾਡੀ ਅਤੇ ਵਿੱਤ ਮੰਤਰੀ ਦਾ ਆਪਸ ਵਿਚ ਛੱਤੀ ਦਾ ਅੰਕੜਾ ਚੱਲ ਰਿਹਾ। ਹੈ