January 28, 2023

Aone Punjabi

Nidar, Nipakh, Nawi Soch

ਮਾਨਸਿਕ ਰੋਗ ਮਨੁੱਖੀ ਸੱਭਿਅਤਾ

1 min read

ਬਹੁਤੇ ਲੋਕ ਮਾਨਸਿਕ ਰੋਗਾਂ ਨੂੰ ਪਿਛਲੇ ਜਨਮ ਦੇ ਮਾੜੇ ਕਰਮਾਂ ਦੀ ਸਜ਼ਾ ਮੰਨਦੇ ਸਨ ਪਰ ਕੁਝ ਲੋਕ ਦੇਵਤਿਆਂ ਦੀ ਕਰੋਪੀ ਮੰਨਦੇ ਸਨ ਤੇ ਮਾਨਸਿਕ ਰੋਗਾਂ ਤੋਂ ਗ੍ਰਸਤ ਲੋਕਾਂ ਨੂੰ ਆਬਾਦੀ ਤੋਂ ਬਾਹਰ ਰੱਖਦੇ ਸਨ। ਅੱਜ ਵੀ ਸਰਕਾਰੀ ਸਿਹਤ ਦੇ ਮੰਦੜੇ ਹਾਲ ਤੇ ਸਮਾਜ ’ਚ ਜਾਗਰੂਕਤਾ ਦੀ ਘਾਟ ਕਾਰਨ ਮਾਨਸਿਕ ਸਿਹਤ ਵਿਕਾਸਸ਼ੀਲ ਮੁਲਕਾਂ ਵਿਚ ਤਾਂ ਰੱਬ ਭਰੋਸੇ ਹੀ ਹੈ ਪਰ 20ਵੀਂ ਸਦੀ ’ਚ ਮਾਨਸਿਕ ਰੋਗਾਂ ਦੇ ਇਲਾਜ ਵਿਚ ਵੱਡਾ ਸੁਧਾਰ ਆਇਆ ਤੇ ਇਲਾਜ ਦੇ ਨਾਲ-ਨਾਲ ਪੁਨਰਵਾਸ ਰਾਹੀਂ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਸਮਾਜ ਦਾ ਹਿੱਸਾ ਬਣਾਇਆ ਜਾਣ ਲੱਗਿਆ।

ਮਾਨਸਿਕ ਰੋਗਾਂ ਨੂੰ ਸਾਡਾ ਸਮਾਜ ਵਿਤਕਰੇ ਤੇ ਅਪਰਾਧ ਦੀ ਤਰ੍ਹਾਂ ਦੇਖਦਾ ਹੈ, ਜੋ ਦਰਅਸਲ ਕਿਸੇ ਹੋਰ ਸਰੀਰਕ ਬਿਮਾਰੀ ਵਾਂਗ ਹੀ ਇਕ ਬਿਮਾਰੀ ਹੈ ਜੋ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦਾ ਹੋਰਨਾਂ ਬਿਮਾਰੀਆਂ ਵਾਂਗ ਇਲਾਜ ਹੈ। ਸੌਖੀ ਭਾਸ਼ਾ ’ਚ ਮਾਨਸਿਕ ਰੋਗਾਂ ਤੇ ਉਨ੍ਹਾਂ ਦੇ ਇਲਾਜ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਾਨਸਿਕ ਰੋਗ ਅਜਿਹੀ ਸਥਿਤੀ ਹੈ, ਜੋ ਕਿਸੇ ਵਿਅਕਤੀ ਨੂੰ ਭਾਵਨਾਤਮਕ, ਮਨੋਵਿਗਿਆਨਕ ਤੇ ਸਮਾਜਿਕ ਰੂਪ ’ਚ ਚੰਗੀ ਤਰ੍ਹਾਂ ਵਿਚਰਨ ਤੋਂ ਅਸਮਰੱਥ ਬਣਾਉਂਦੀ ਹੈ। ਹੋਰ ਸੌਖੇ ਸ਼ਬਦਾਂ ’ਚ ਕਹੀਏ ਤਾਂ ਮਾਨਿਸਕ ਰੋਗ ਸਾਡੇ ਮਨ, ਸੋਚ ਤੇ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਣ ਵਜੋਂ ਜਿਵੇਂ ਉਦਾਸੀ ਜਾਂ ਚਿੰਤਾ ਰੋਗ ’ਚ ਵਿਅਕਤੀ ਉਦਾਸ ਮਨ, ਘੱਟ ਗੱਲਬਾਤ ਕਰਨਾ, ਕੰਮ ਵਿਚ ਮਨ ਨਾ ਲੱਗਣਾ ਆਦਿ ਹੁੰਦਾ ਹੈ।

ਸਧਾਰਨ ਮਾਨਸਿਕ ਰੋਗ

ਸਧਾਰਨ ਮਾਨਸਿਕ ਰੋਗ ਉਨ੍ਹਾਂ ਮਾਨਸਿਕ ਰੋਗਾਂ ਨੂੰ ਕਿਹਾ ਜਾਂਦਾ ਹੈ, ਜੋ ਲੋਕਾਂ ’ਚ ਆਮ ਹੀ ਵੱਡੀ ਗਿਣਤੀ ’ਚ ਪਏ ਜਾਂਦੇ ਹਨ। ਆਬਾਦੀ ਦਾ ਇਕ ਵੱਡਾ ਹਿੱਸਾ ਇਨ੍ਹਾਂ ਰੋਗਾਂ ਤੋਂ ਪੀੜਤ ਹੁੰਦਾ ਹੈ। ਭਾਰਤ ’ਚ 10 ਫ਼ੀਸਦੀ ਆਬਾਦੀ ਇਸ ਦੀ ਜਕੜ ਵਿਚ ਹੈ ਜਦੋਂਕਿ ਪੰਜਾਬ ’ਚ ਇਹ ਅੰਕੜਾ 13.4 ਫ਼ੀਸਦੀਹੈ। ਇਸ ਹਿਸਾਬ ਨਾਲ ਭਾਰਤ ਦੀ 14 ਕਰੋੜ ਆਬਾਦੀ ਤੇ ਪੰਜਾਬ ਦੀ 40 ਲੱਖ ਆਬਾਦੀ ਨੂੰ ਮਾਨਸਿਕ ਰੋਗ ਲੱਗੇ ਹੋਏ ਹਨ ਅਤੇ ਤੁਰੰਤ ਇਨ੍ਹਾਂ ਦੇ ਇਲਾਜ ਦੀ ਲੋੜ ਹੈ। ਲੋਕ ਆਮ ਤੌਰ ’ਤੇ ਸਧਾਰਨ ਮਾਨਸਿਕ ਰੋਗਾਂ ਬਾਰੇ ਜਾਣਕਾਰੀ ਰੱਖਦੇ ਹੁੰਦੇ ਹਨ ਪਰ ਪੂਰੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੁੰਦੀ। ਉਦਾਹਰਣ ਵਜੋਂ ਅਸੀਂ ਆਪਣੇ ਆਸ-ਪਾਸ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਮੈਨੂੰ ਟੈਨਸ਼ਨ ਹੋ ਰਹੀ ਹੈ, ਉਸ ਨੂੰ ਡਿਪਰੈਸ਼ਨ ਹੈ ਜਾਂ ਮੈਨੂੰ ਬੇਲੋੜੀ ਚਿੰਤਾ ਲੱਗੀ ਰਹਿੰਦੀ ਹੈ। ਇਹ ਸਭ ਸਧਾਰਨ ਮਾਨਸਿਕ ਰੋਗ ਜਾਂ ਪਰੇਸ਼ਾਨੀਆਂ ਦੇ ਹੀ ਲੱਛਣ ਹਨ। ਪ੍ਰਮੁੱਖ ਸਧਾਰਨ ਮਾਨਸਿਕ ਰੋਗ ਹਨ ਉਦਾਸੀ ਰੋਗ (ਡਿਪਰੈਸ਼ਨ), ਚਿੰਤਾ ਰੋਗ, ਵੱਖ-ਵੱਖ ਤਰ੍ਹਾਂ ਦੇ ਡਰ, ਜਾਨਲੇਵਾ ਦੌਰਾ ਆਦਿ।

ਜੇਕਰ ਤੁਸੀਂ ਵੀ ਕਰੋਨਾ ਕਾਰਨ ਘਰ ਵਿੱਚ ਹੋ ਤਾਂ ਆਪਣੀ ਮਾਨਸਿਕ ਸਿਹਤ ਦਾ ਇੰਝ ਰੱਖੋ ਖਿਆਲ

ਡਰ ਹੈ ਮਾਨਸਿਕ ਰੋਗ ਦਾ ਹਿੱਸਾ

ਵੱਖ-ਵੱਖ ਤਰ੍ਹਾਂ ਦੇ ਡਰ ਵੀ ਸਧਾਰਨ ਮਾਨਸਿਕ ਰੋਗਾਂ ਦਾ ਹਿੱਸਾ ਹਨ, ਜਿਨ੍ਹਾਂ ਕਾਰਨ ਵਿਅਕਤੀਆਂ ਨੂੰ ਉਸ ਡਰ ਵਾਲੀ ਸਥਿਤੀ ਆਉਣ ’ਤੇ ਬਹੁਤ ਘਬਰਾਹਟ, ਮੁੜ੍ਹਕਾ, ਹੱਥ-ਪੈਰ ਕੰਬਣੇ, ਰੋਣਾ ਆਦਿ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ। ਡਰ ਕਿਸੇ ਨੂੰ ਵੀ ਲੱਗਣਾ ਸੁਭਾਵਿਕ ਹੈ ਪਰ ਡਰ ਵਾਲੇ ਰੋਗ ਤੋਂ ਪੀੜਤ ਵਿਅਕਤੀ ਆਮ ਲੋਕਾਂ ਤੇ ਆਮ ਸਥਿਤੀ ਦੇ ਮੁਕਾਬਲੇ ਵਧੇਰੇ ਡਰ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ’ਚ ਇਹ ਡਰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਉਚਾਈ ਦਾ ਡਰ, ਜਾਨਵਰਾਂ ਤੋਂ ਡਰ, ਪਾਣੀ ਤੋਂ ਡਰ, ਭੀੜਭਾੜ ਤੋਂ ਡਰ ਆਦਿ ਪ੍ਰਮੁੱਖ ਹਨ। ਇਸ ਦਾ ਇਲਾਜ ਵੱਖ-ਵੱਖ ਥੈਰੇਪੀਆਂ ਨਾਲ ਵਧੇਰੇ ਕੀਤਾ ਜਾਂਦਾ ਹੈ।

ਲੋਕਾਂ ’ਚ ਜਾਗਰੂਕਤਾ

ਪੁਨਰਵਾਸ ਜਾਂ ਮੁੜ-ਵਸੇਵੇ ਦੀ ਲੋੜ ਸਧਾਰਨ ਮਾਨਸਿਕ ਰੋਗਾਂ ’ਚ ਘੱਟ ਹੁੰਦੀ ਹੈ, ਕਿਉਂਕਿ ਬਹੁਤੇ ਲੋਕ ਸਧਾਰਨ ਮਾਨਸਿਕ ਰੋਗਾਂ ਨਾਲ ਆਪਣਾ ਜੀਵਨ ਠੀਕਠਾਕ ਬਤੀਤ ਕਰਦੇ ਰਹਿੰਦੇ ਹਨ। ਮੁੜ-ਵਸੇਵੇ ਦੀ ਜ਼ਰੂਰਤ ਗੰਭੀਰ ਮਾਨਸਿਕ ਰੋਗਾਂ ਵਾਲੇ ਵਿਅਕਤੀਆਂ ਨੂੰ ਵਧੇਰੇ ਹੁੰਦੀ ਹੈ। ਕੁੱਲ ਮਿਲਾ ਕੇ ਇਨ੍ਹਾਂ ਰੋਗਾਂ ਦੀ ਪਛਾਣ ਹੋਣਾ ਤੇ ਸਮੇਂ ਸਿਰ ਇਲਾਜ ਸ਼ੁੁਰੂ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਇਨਸਾਨ ਨੂੰ ਪਰੇਸ਼ਾਨੀ ਦੇ ਦੌਰ ’ਚੋਂ ਬਾਹਰ ਨਿਕਲਣ ਦਾ ਮੌਕਾ ਮਿਲ ਸਕੇ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਚੰਗੀ ਕਿਸਮ ਦਾ ਇਲਾਜ ਮੁਹੱਈਆ ਕਰਵਾਏ।

Leave a Reply

Your email address will not be published. Required fields are marked *