ਮੁਅੱਤਲ ਮੇਅਰ ਬਿੱਟੂ ਦੇ ਕੇਸ ਦੀ ਹਾਈ ਕੋਰਟ ’ਚ ਸੁਣਵਾਈ ਅੱਜ
1 min read
ਪਟਿਆਲਾ ਨਗਰ ਨਿਗਮ ਦੇ ਮੇਅਰ ਅਹੁਦੇ ਦਾ ਵਿਵਾਦ ਹਾਈ ਕੋਰਟ ਪੁੱਜ ਗਿਆ ਹੈ। ਪੰਝੀ ਨਵੰਬਰ ਤੋਂ ਮੁਅੱਤਲ ਚੱਲ ਰਹੇ ਸੰਜੀਵ ਸ਼ਰਮਾ ਬਿੱਟੂ ਨੇ ਇਸ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿਚ ਪਟੀਸ਼ਨ ਪਾਈ ਹੈ। ਇਸ ’ਤੇ ਜਸਟਿਸ ਰਿਤੂ ਬਾਹਰੀ ਤੇ ਜਸਟਿਸ ਮੀਨਾਕਸ਼ੀ ਮਹਿਤਾ ਦੇ ਬੈਂਚ ਨੇ ਬੁੱਧਵਾਰ ਪਹਿਲੀ ਦਸੰਬਰ ਨੂੰ ਸੁਣਵਾਈ ਕਰਨੀ ਹੈ। ਬਿੱਟੂ ਨੇ ਵਕੀਲ ਆਤਮਾ ਰਾਮ ਰਾਹੀਂ ਆਪਣੀ ਮੁਅੱਤਲੀ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਗ਼ੈਰ ਕਾਨੂੰਨੀ ਹੈ ਤੇ ਇਸ ਨੂੰ ਰੱਦ ਕੀਤਾ ਜਾਵੇ। ਦੱਸਣਯੋਗ ਹੈ ਕਿ 25 ਨਵੰਬਰ ਨੂੰ ਪਟਿਆਲਾ ਨਗਰ ਨਿਗਮ ਦੀ ਮੀਟਿੰਗ ਵਿਚ ਅਵਿਸ਼ਵਾਸ ਮਤਾ ਪੇਸ਼ ਕੀਤਾ ਗਿਆ ਸੀ। ਇਸ ਵਿਚ ਬਿੱਟੂ ਦੇ ਪੱਖ ਵਿਚ 25 ਵੋਟਾਂ ਪਈਆਂ ਸਨ ਤੇ ਉਨ੍ਹਾਂ ਵਿਰੁੱਧ 36 ਵੋਟਾਂ ਸਨ। ਇਸ ਕਰ ਕੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਸੀ।
