ਮੇਅਰ ਸੰਜੀਵ ਬਿੱਟੂ ਦੀ ਮੁਅੱਤਲ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਅਗਲੀ ਤਰੀਕ 6 ਦਸੰਬਰ
1 min read
ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਦੀ ਮੁਅੱਤਲੀ ਦੇ ਮਾਮਲੇ ‘ਤੇ ਬੁੱਧਵਾਰ ਹਾਈਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਅਗਲੇ ਸੋਮਵਾਰ ‘ਤੇ ਪਾ ਦਿੱਤੀ ਹੈ। ਕੈਪਟਨ ਧੜੇ ਦੇ ਸੰਜੀਵ ਬਿੱਟੂ ਵੱਲੋਂ ਇਹ ਅਰਜ਼ੀ ਉਸ ਨੂੰ ਮੇਅਰ ਦੇ ਅਹੁਦੇ ਤੋਂ ਮੁਅੱਤਲ ਕੀਤੇ ਜਾਣ ਵਿਰੁੱਧ ਦਾਖ਼ਲ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਬਹੁਮਤ ਸਾਬਤ ਨਾ ਕਰ ਸਕਣ ‘ਤੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਮੰਤਰੀ ਨੇ ਕਿਹਾ ਸੀ ਕਿ ਮੇਅਰ ਨੂੰ 31 ਵੋਟਾਂ ਦੀ ਲੋੜ ਸੀ ਪਰ ਸਿਰਫ਼ 25 ਵੋਟਾਂ ਮਿਲੀਆਂ। ਹਾਲਾਂਕਿ, ਮੇਅਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਰੁੱਧ ਬੇਭਰੋਸਗੀ ਮਤਾ ਆਇਆ ਸੀ, ਜਿਸ ਵਿੱਚ 21 ਵੋਟਾਂ ਦੀ ਲੋੜ ਸੀ ਪਰ ਉਨ੍ਹਾਂ ਨੂੰ 25 ਮਿਲੀਆਂ। ਇਸ ਕਰਕੇ ਉਹ ਜੇਤੂ ਰਿਹਾ। ਹਾਲਾਂਕਿ ਸਰਕਾਰ ਨੇ ਅਜੇ ਤੱਕ ਇਸ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਬੁੱਧਵਾਰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਦਿਆਂ ਕਿਹਾ ਕਿ ਅਜੇ ਤੱਕ ਸੰਜੀਵ ਬਿੱਟੂ ਦੀ ਮੁਅੱਤਲੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਹਾਈਕੋਰਟ ਵਿੱਚ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਮੀਨਾਕਸ਼ੀ ਮਹਿਤਾ ਦੀ ਦੋਹਰੀ ਬੈਂਚ ਅੱਗੇ ਪੰਜਾਬ ਕਾਂਗਰਸ ਸਰਕਾਰ ਨੇ ਕਿਹਾ ਕਿ ਅਜੇ ਸੰਜੀਵ ਸ਼ਰਮਾ ਬਿੱਟੂ ਦੀ ਮੁਅੱਤਲ ‘ਤੇ ਫੈਸਲਾ ਨਹੀਂ ਹੋਇਆ।

ਦੋਵਾਂ ਘਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਤਰੀਕ 6 ਦਸੰਬਰ ਦਿਨ ਸੋਮਵਾਰ ‘ਤੇ ਪਾ ਦਿੱਤੀ ਹੈ।