ਮੋਦੀ ਸਰਕਾਰ ਦਾ ਅਹਿਮ ਕਦਮ, ਡਿਜੀਟਲ ਮੋਡ ਨਾਲ ਜੋੜੇ ਜਾਣਗੇ ਕੇਂਦਰ ਦੇ ਸਾਰੇ ਸਿਹਤ ਕੇਂਦਰ, ਜਾਣੋ ਕੀ ਹੋਵੇਗਾ ਲਾਭ
1 min read
ਕੇਂਦਰ ਸਰਕਾਰ ਦੇ ਸਾਰੇ ਸਿਹਤ ਕੇਂਦਰ ਡਿਜੀਟਲ ਮੋਡ ਨਾਲ ਜੋੜੇ ਜਾਣਗੇ। ਇਸ ਤਹਿਤ ਨਾ ਸਿਰਫ਼ ਕੇਂਦਰ ਸਰਕਾਰ ਦੇ ਸਾਰੇ ਹਸਪਤਾਲਾਂ, ਕਲਿਨਕ, ਲੈਬਾਰਟਰੀ, ਫਾਰਮੇਸੀ ਤੇ ਰੇਡੀਓਲਾਜੀ ਵਰਗੇ ਸਿਹਤ ਕੇਂਦਰਾਂ ਦਾ ਡਿਜੀਟਲ ਹੈਲਥ ਫੈਸਿਲਟੀ ਰਜਿਸਟਰੀ ‘ਚ ਪੰਜੀਕਰਨ ਹੋ ਜਾਵੇਗਾ, ਬਲਕਿ ਇਨ੍ਹਾਂ ਵਿਚ ਕੰਮ ਕਰਨ ਵਾਲੇ ਸਾਰੇ ਪੱਕੇ ਤੇ ਕੱਚੇ ਡਾਕਟਰਾਂ ਨੂੰ ਇਸ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਡਿਜੀਟਲ ਮੋਡ ‘ਚ ਆਉਣ ਤੋਂ ਬਾਅਦ ਇੱਥੇ ਹੋਣ ਵਾਲੇ ਹਰ ਤਰ੍ਹਾਂ ਦੇ ਇਲਾਜ ਤੇ ਜਾਂਚ ਦਾ ਡਿਜੀਟਲ ਰਿਕਾਰਡ ਰੱਖਿਆ ਜਾਵੇਗਾ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੇ ਸਕੱਤਰਾਂ ਤੇ ਸਾਰੇ ਕੇਂਦਰੀ ਹਸਪਤਾਲਾਂ ਦੇ ਡਾਇਰੈਕਟਰਾਂ ਨੂੰ ਪੱਤਰ ਲਿਖ ਕੇ ਸਾਰੀਆਂ ਸਿਹਤ ਸੇਵਾਵਾਂ ਨੂੰ ਜਲਦ ਤੋਂ ਜਲਦ ਡਿਜੀਟਲ ਮੋਡ ‘ਤੇ ਲਿਆਉਣ ਨੂੰ ਕਿਹਾ ਹੈ। ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ ਨੂੰ ਆਯੁਸ਼ਮਾਨ ਬਾਰਤ ਡਿਜੀਟਲ ਮਿਸ਼ਨ ਨੂੰ ਲਾਂਚ ਕੀਤਾ ਸੀ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸੇ ਤਹਤ ਸਭ ਤੋਂ ਪਹਿਲਾਂ ਸਾਰੇ ਕੇਂਦਰੀ ਸਿਹਤ ਕੇਂਦਰਾਂ ਨੂੰ ਡਿਜੀਟਲ ਮੋਡ ‘ਚ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਡਿਜੀਟਲ ਰਿਕਾਰਡ ਰੱਖਣ ਲਈ ਸੀ-ਡਾਕ ਨੇ ਈ-ਸੁਸ਼ੁਰਤ ਨਾਂ ਨਾਲ ਤਿਆਰ ਕੀਤਾ ਸਾਫਟਵੇਅਰ
ਹਸਪਤਾਲਾਂ ਨੂੰ ਡਿਜੀਟਲ ਮੋਡ ‘ਤੇ ਲਿਆਉਣ ਲਈ ਐੱਨਆਈਸੀ ਨੇ ਈ-ਹੌਸਪਿਟਲ ਤੇ ਮਰੀਜ਼ਾਂ ਦਾ ਡਿਜੀਟਲ ਰਿਕਾਰਡ ਰੱਖਣ ਲਈ ਸੀ-ਡਾਕ ਨੇ ਈ-ਸੁਸ਼ੁਰਤ ਨਾਂ ਨਾਲ ਸਾਫਟਵੇਅਰ ਤਿਆਰ ਕੀਤਾ ਹੈ। ਉੱਥੇ ਹੀ ਨੈਸ਼ਨਲ ਹੈਲਥ ਅਥਾਰਟੀ ਦੇ ਡਾਕਟਰ ਪ੍ਰਵੀਣ ਗੇਡਾਨ ਨੂੰ ਇਸ ਦਾ ਮਿਸ਼ਨ ਡਾਇਰੈਕਟਰ ਬਣਾਇਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਖਾਹਸ਼ੀ ਪ੍ਰਾਜੈਕਟ ਵਿਚ ਕਿਸੇ ਵੀ ਤਰ੍ਹਾਂ ਦੀ ਦੇਰ ਰੋਕਣ ਲਈ ਸਕੱਤਰਾਂ ਤੇ ਹਸਪਤਾਲਾਂ ਦੇ ਡਾਇਰੈਕਟਰਾਂ ਨੂੰ ਕਿਸੇ ਵੀ ਭਰਮ ਦੀ ਸਥਿਤੀ ‘ਚ ਇਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਨੂੰ ਇਸ ਮਿਸ਼ਨ ਲਈ ਜ਼ਰੂਰੀ ਹਾਰਡਵੇਅਰ ਦੀ ਤੱਤਕਾਲ ਖੀਰਦ ਕਰਨ ਦੀ ਲੋੜ ਦੱਸੀ ਗਈ ਹੈ।
