ਮੋਹਾਲੀ ਤੋਂ ਹੁਣ ਸੋਨੀਆਂ ਮਾਨ ਲੜੇਗੀ ਅਕਾਲੀ ਵੱਲੋਂ ਚੋਣ, ਬਸਪਾ ਤੋਂ ਵਾਪਸ ਲਈ ਅਕਾਲੀਆਂ ਨੇ ਸੀਟ
1 min read
ਮੋਹਾਲੀ ਦੀ ਸਿਆਸੀ ਪਿੱਚ ’ਤੇ ਅਕਾਲੀ ਦਲ-ਬਸਪਾ ਨੇ ਐਲਾਨਨਾਮੇ ਦੇ ਬਾਵਜੂਦ ਖਿਡਾਰੀ ਬਦਲ ਦਿੱਤਾ ਹੈ। ਪੁਆਧ ਦੇ ਜਮਪਲ ਗੁਰਮੀਤ ਸਿੰਘ ਬਾਕਰਪੁਰ ਦੀ ਥਾਂ ਹੁਣ ਅਦਾਕਾਰਾ ਸੋਨੀਆਂ ਮਾਨ ਮੋਹਾਲੀ ਤੋਂ ਅਕਾਲੀ ਦਲ ਦੀ ਸੀਟ ’ਤੇ ਚੋਣ ਲਡ਼ਨਗੇ ਤੇ ਇਸ ਬਾਰੇ ਚੰਡੀਗਡ਼੍ਹ ਵਿਖੇ ਸ਼ੁਕਰਵਾਰ ਨੂੰ ਪ੍ਰੋਗਰਾਮ ਵੀ ਰੱਖਿਆ ਜਾ ਰਿਹਾ ਹੈ। ਹਾਲਾਂ ਕਿ ਇਹ ਸੀਟ ਦੋਹਾਂ ਪਾਰਟੀਆਂ ਨੇ ਆਪਸੀ ਵੰਡ ਕਰਕੇ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਪਾਈ ਸੀ ਪਰ ਕਿਉਂਕਿ ਸੱਤਾ ’ਚ ਸੱਭ ਕੁੱਝ ਸੰਭਵ ਹੈ ਤੇ ਹੋਇਆ ਵੀ ਉਂਝ ਉਵੇਂ ਹੀ, ਬਾਕਰਪੁਰ ਨੂੰ ਲਾਂਭੇ ਕਰਕੇ ਅਕਾਲੀ ਦਲ ਨੇ ਇਸ ਸੀਟ ’ਤੇ ਹੁਣ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ’ਚ ਪੁਰਾਣਾ ਸਿਆਸੀ ਪਿਛੋਕਡ਼ ਹੋਣ ਦੇ ਬਾਵਜੂਦ ਗੁਰਮੀਤ ਸਿੰਘ ਬਾਕਰਪੁਰ ਬਹੁਜਨ ਸਮਾਜ ਪਾਰਟੀ ਵੱਲੋਂ ਮੋਹਾਲੀ ਤੋਂ ਚੋਣ ਲਡ਼ਨ ਲਈ ਤਿਆਰ ਹੀ ਨਹੀਂ ਹੋ ਗਏ ਸਨ ਬਲਕਿ ਵੱਡੇ ਪੱਧਰ ’ਤੇ ਸਿਆਸੀ ਬੈਠਕਾਂ ਵੀ ਕਰ ਰਹੇ ਸਨ। ਹੁਣ ਜਦੋਂ ਫੇਰਬਦਲ ਕੀਤਾ ਗਿਆ ਹੈ ਤਾਂ ਮੋਹਾਲੀ ’ਚ ਬਾਹਰਲੇ ਜ਼ਿਲ੍ਹੇ ਤੋਂ ਲਿਆਂਦੇ ਗਏ ਉਮੀਦਵਾਰ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਵਜ੍ਹਾ ਸਾਫ਼ ਹੈ ਕਿ ਮੋਹਾਲੀ ’ਚ ਸਾਲ 2012 ਤੋਂ ਹੁਣ ਤਕ ਲੋਕਲ ਕਿਸੇ ਲੀਡਰ ਨੂੰ ਟਿਕਟ ਹੀ ਨਹੀਂ ਦਿੱਤੀ ਗਈ ਜਿਸ ਕਰਕੇ ਅਕਾਲੀ ਦਲ ਮੋਹਾਲੀ ਤੋਂ ਬੁਰੀ ਤਰ੍ਹਾਂ ਹਾਰਦਾ ਰਿਹਾ ਹੈ।ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਆ ਮਾਨ ਨੂੰ ਮੋਹਾਲੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦਿਵਾਉਣ ਵਿੱਚ ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਪ੍ਰਮੁਖ ਭੂਮਿਕਾ ਹੈ ਜਿਸਦੀ ਬਾਦਲ ਪਰਿਵਾਰ ਨਾਲ ਨੇਡ਼ਤਾ ਜੱਗ ਜਾਹਿਰ ਹੈ। ਇਸਤੋਂ ਇਲਾਵਾ ਸੰੰਯੁਕਤ ਕਿਸਾਨ ਮੋਰਚੇ ਦੇ ਇੱਕ ਵੱਡੇ ਆਗੂ ਵਲੋਂ ਵੀ ਇਸ ਵਿੱਚ ਭੂਮਿਕਾ ਨਿਭਾਈ ਗਈ ਹੈ ਜਿਸ ਕਰਕੇ ਸੋਨੀਆ ਮਾਨ ਦਾ ਮੋਹਾਲੀ ’ਚ ਚੋਣ ਦੰਗਲ ’ਚ ਉਤਾਰਿਆ ਗਿਆ ਹੈ। ਪਰ ਮੋਹਾਲੀ ’ਚ ਅਕਾਲੀ ਦਲ ਦੀ ਵੱਡੀ ਧਡ਼ੇਬੰਦੀ ਸੋਨੀਆਂ ਮਾਨ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਅਲੱਗ-ਥਲੱਗ ਹੋ ਗਈ ਸੀ ਉਹ ਹੁਣ ਥੋਡ਼੍ਹੀ ਬਹੁਤੀ ਤਾਂ ਸਮੇਟੀ ਗਈ ਪਰ ਬਾਕੀ ਨਾਰਾਜ਼ ਲੀਡਰਾਂ ਨੂੰ ਸੋਨੀਆ ਮਾਨ ਕਿੱਦਾਂ ਆਪਣੇ ਨਾਲ ਤੋਰੇਗੀ ਇਸ ਬਾਰੇ ਵੱਡੇ ਸਵਾਲ ਖਡ਼੍ਹੇ ਹੋ ਰਹੇ ਹਨ। ਇਸ ਬਾਰੇ ਸੋਨੀਆਂ ਮਾਨ ਨਾਲ ਬਾਕਾਇਦਾ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
