January 27, 2023

Aone Punjabi

Nidar, Nipakh, Nawi Soch

ਰਾਤਰੀ ਭੋਜ ਦਾ ਸੱਦਾ ਸਵੀਕਾਰ ਕਰਕੇ ਆਟੋ ‘ਚ ਬੈਠ ਕੇ ਕੇਜਰੀਵਾਲ ਨੇ ਆਟੋ ਵਾਲੇ ਦੇ ਘਰ ਖਾਧਾ ਖਾਣਾ

1 min read

 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਆਯੋਜਿਤ ‘ਆਟੋ ਸੰਵਾਦ’ ਪ੍ਰੋਗਰਾਮ ਤਹਿਤ ਪੰਜਾਬ ਦੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਦਰਪੇਸ਼ ਦਿੱਕਤਾਂ ਅਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਪੱਕੇ ਹੱਲ ਲਈ ਸੁਝਾਅ ਸੁਣੇ ਅਤੇ ਭਰੋਸਾ ਦਿੱਤਾ ਕਿ 2022 ‘ਚ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਨ ਉਪਰੰਤ ਦਿੱਲੀ ਦੇ ਆਟੋ ਚਾਲਕਾਂ ਵਾਂਗ ਪੰਜਾਬ ਦੇ ਆਟੋ ਅਤੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਦਾ ਠੋਸ ਹੱਲ ਪਹਿਲ ਦੇ ਆਧਾਰ ‘ਤੇ ਕਰਨਗੇ। ਨਿਯਮਾਂ-ਕਾਨੂੰਨਾਂ ‘ਚ ਲੋੜੀਂਦੇ ਸੁਧਾਰ ਅਤੇ ਬਦਲਾਅ ਕੀਤੇ ਜਾਣਗੇ, ਜਿਵੇਂ ਦਿੱਲੀ ‘ਚ ਕੀਤੇ ਹਨ।

ਕੇਜਰੀਵਾਲ ਦਾ ਇਹ ‘ਆਟੋ ਸੰਵਾਦ’ ਸ਼ੁਰੂ ਹੁੰਦਿਆਂ ਹੀ ਹੋਰ ਰੋਚਕ ਹੋ ਗਿਆ, ਜਦੋਂ ਇੱਕ ਆਟੋ ਰਿਕਸ਼ਾ ਦਲੀਪ ਕੁਮਾਰ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਆਪਣੇ ਘਰ ਰਾਤਰੀ ਭੋਜ ਦੀ ਦਾਅਵਤ ਦੇ ਦਿੱਤੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਚੰਗਾ ਲੱਗੇਗਾ ਕਿ ਉਹ (ਕੇਜਰੀਵਾਲ) ਉਸ ਦੇ ਆਟੋ ‘ਚ ਬੈਠ ਕੇ ਹੀ ਉਸ ਦੇ ਘਰ ਰਾਤ ਦੇ ਖਾਣੇ ‘ਤੇ ਜਾਣ। ਜਿਸ ਨੂੰ ਤੁਰੰਤ ਸਵੀਕਾਰ ਕਰਦਿਆਂ ਕੇਜਰੀਵਾਲ ਨੇ ਪੁੱਛਿਆ ਕਿ ਕੀ ਉਹ ਆਪਣੇ ਨਾਲ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਵੀ ਨਾਲ ਲੈ ਕੇ ਆ ਜਾਣ? ਪ੍ਰੋਗਰਾਮ ਖ਼ਤਮ ਹੁੰਦਿਆਂ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਆਟੋ ‘ਚ ਬੈਠ ਕੇ ਦਲੀਪ ਤਿਵਾੜੀ ਦੇ ਘਰ ਗਏ ਅਤੇ ਰਾਤਰੀ ਭੋਜ ਕੀਤਾ।

ਆਟੋ ਸੰਵਾਦ’ ਪ੍ਰੋਗਰਾਮ ਦੌਰਾਨ ਸੈਂਕੜੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ”ਦਿੱਲੀ ਸਰਕਾਰ ਵੱਲੋਂ ਆਟੋ ਅਤੇ ਟੈਕਸੀ ਚਾਲਕਾਂ ਲਈ ਕੀਤੇ ਬੇਮਿਸਾਲ ਕੰਮਾਂ ਕਰਕੇ ਦਿੱਲੀ ਦਾ ਹਰ ਇੱਕ ਆਟੋ ਚਾਲਕ ਮੈਨੂੰ (ਕੇਜਰੀਵਾਲ) ਆਪਣਾ ਭਾਈ ਮੰਨਦਾ ਹੈ। ਉਸੇ ਤਰਾਂ ਅੱਜ ਮੈਂ ਤੁਹਾਡਾ ਭਰਾ ਬਣਨ ਲਈ ਆਇਆ ਹਾਂ। ਇੱਕ ਰਿਸ਼ਤਾ ਬਣਾਉਣ ਆਇਆ ਹਾਂ। ਮੈਨੂੰ ਆਪਣਾ ਭਰਾ ਬਣਾ ਲਓ। ਤੁਹਾਡੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਭਾਈ ਬਣ ਕੇ ਹੀ ਕਰੂੰਗਾ। ਕੇਵਲ ਆਟੋ ਦੀ ਸਮੱਸਿਆ ਹੀ ਨਹੀਂ ਘਰ ‘ਚ ਬੱਚੇ ਦੀ ਪੜਾਈ ਠੀਕ ਨਹੀਂ ਹੋ ਰਹੀ, ਕਿਸੇ ਦੀ ਸਿਹਤ ਠੀਕ ਨਹੀਂ, ਸਾਰੀਆਂ ਦਿੱਕਤਾਂ ਦਾ ਹੱਲ ਮੈਂ ਕਰਾਂਗਾ।”

ਇਸ ਮੌਕੇ ਕੇਜਰੀਵਾਲ ਨੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ‘ਤੇ ਆਧਾਰਿਤ ਇੱਕ ਸਾਂਝੀ ਕਾਰਪੋਰੇਸ਼ਨ ਬਣਾਉਣ ਦਾ ਐਲਾਨ ਕੀਤਾ ਤਾਂ ਕਿ ਉਹ ਖ਼ੁਦ ਨੀਤੀਆਂ ਬਣਾ ਸਕਣ।

ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਆਟੋ ਚਾਲਕਾਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਪਤਾ ਨਹੀਂ ਕਿੰਨੀ ਵਾਰ ਰਿਸ਼ਵਤ ਦੇਣੀ ਪੈਂਦੀ ਸੀ। ਕੇਜਰੀਵਾਲ ਨੇ ਕਿਹਾ ਕਿ ਆਟੋ-ਰਿਕਸ਼ਾ ਚਾਲਕਾਂ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਮਾਫ਼ੀਆ ਕਹਿ ਕੇ ਬਦਨਾਮ ਕੀਤਾ ਜਾਂਦੀ ਸੀ, ਪਰੰਤੂ ਅਸੀਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਆਟੋ ਰਿਕਸ਼ਾ ਅਤੇ ਟੈਕਸੀ ਵਾਲਿਆਂ ਦੀ ਖੁੱਲ੍ਹੀ ਹਿਮਾਇਤ ਕਰਦਿਆਂ ਕਿਹਾ ਸੀ ਕਿ ਜੇ ਆਟੋ-ਰਿਕਸ਼ਾ ਅਤੇ ਟੈਕਸੀ ਵਾਲੇ ਮਾਫ਼ੀਆ ਹੁੰਦੇ ਤਾਂ ਇਹ ਵੀ ਝੁੱਗੀ-ਝੌਂਪੜੀਆਂ ਜਾਂ ਛੋਟੇ-ਮੋਟੇ ਘਰਾਂ ‘ਚ ਰਹਿਣ ਦੀ ਥਾਂ ਕੋਠੀਆਂ ਬਣਾ ਕੇ ਰਹਿੰਦੇ।

ਕੇਜਰੀਵਾਲ ਨੇ ਕਿਹਾ ਕਿ ਮਾਫ਼ੀਆ ਆਟੋ-ਰਿਕਸ਼ਾ ਜਾਂ ਟੈਕਸੀ ਚਾਲਕ ਨਹੀਂ ਸਗੋਂ ਸਿਆਸਤਦਾਨ ਅਸਲੀ ਮਾਫ਼ੀਆ ਹੁੰਦਾ ਹੈ। ਆਟੋ ਅਤੇ ਟੈਕਸੀ ਚਾਲਕ ਤਾਂ ਇਸ ਭ੍ਰਿਸ਼ਟਾਚਾਰੀ ਤੰਤਰ ਦੇ ਪੀੜਤ ਹਨ।

ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਆਟੋ-ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦਿੱਲੀ ਸਰਕਾਰ ਨੇ ਸਾਰੀਆਂ ਸੇਵਾਵਾਂ ਫੇਸਲੈਸ ਕਰ ਦਿੱਤੀਆਂ। ਜਿਸ ਨਾਲ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਸਿਰਫ਼ ਫਿਟਨੈੱਸ ਸਰਟੀਫਿਕੇਟ ਲਈ ਇੱਕ ਚੱਕਰ ਦਫ਼ਤਰ ਲਗਾਉਣਾ ਪੈਂਦਾ ਹੈ। ਬਾਕੀ ਸਾਰੇ ਕੰਮ ਆਟੋ ਚਾਲਕ ਦੀ ਸਹੂਲਤ ਮੁਤਾਬਿਕ ਸਰਕਾਰੀ ਕਰਮਚਾਰੀ ਉਸ ਦੇ ਘਰ ਆ ਕੇ ਕਰਦਾ ਹੈ।

ਕੇਜਰੀਵਾਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਦਿੱਲੀ ਸਰਕਾਰ ਨੇ ਦਿੱਲੀ ਦੇ ਆਟੋ, ਟੈਕਸੀ ਅਤੇ ਟੈਂਪੂ ਚਾਲਕਾਂ ਨੂੰ ਪ੍ਰਤੀ ਮਹੀਨਾ 5000 ਰੁਪਏ ਦੀ ਮਦਦ ਦੇ ਕੇ ਕੁੱਲ 150 ਕਰੋੜ ਰੁਪਏ ਵੰਡੇ, ਜੋ ਦੇਸ਼ ‘ਚ ਕਿਸੇ ਵੀ ਸਰਕਾਰ ਨੇ ਆਪਣੇ ਸੂਬੇ ਦੇ ਆਟੋ ਅਤੇ ਟੈਕਸੀ ਚਾਲਕਾਂ ਨੂੰ ਦਿੱਤੇ ਹੋਣ।

ਕੇਜਰੀਵਾਲ ਨੇ ਆਟੋ ਚਾਲਕਾਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਜੋ ਵੀ ਹੋਰ ਸਮੱਸਿਆਵਾਂ ਹਨ, ਉਹ ਲਿਖ ਕੇ ਦੇ ਦੇਣ। ਇੱਕ-ਇੱਕ ਸਮੱਸਿਆ ਦਾ ਪੱਕਾ ਗੱਲ ਕੀਤਾ ਜਾਵੇਗਾ। ਕੇਜਰੀਵਾਲ ਨੇ ਦੱਸਿਆ ਕਿ ਜਦੋਂ ਅਫ਼ਸਰ ਏ.ਸੀ ਕਮਰਿਆਂ ‘ਚ ਬੈਠ ਕੇ ਯੋਜਨਾਵਾਂ ਬਣਾਉਂਦੇ ਹਨ ਤਾਂ ਸਮੱਸਿਆਵਾਂ ਹੱਲ ਹੋਣ ਦੀ ਥਾਂ ਹੋਰ ਵੱਧ ਜਾਂਦੀਆਂ ਹਨ। ਇਸ ਲਈ ਦਿੱਲੀ ਸਰਕਾਰ ਨੇ ਆਟੋ-ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਜੋ ਕਮੇਟੀ ਗਠਿਤ ਕੀਤੀ ਉਸ ‘ਚ 2-3 ਅਫ਼ਸਰਾਂ ਤੋਂ ਬਗੈਰ ਬਾਕੀ ਸਾਰੇ ਮੈਂਬਰ ਆਟੋ ਅਤੇ ਟੈਕਸੀ ਚਾਲਕ ਸਨ। ਇੱਥੋਂ ਤੱਕ ਲੰਬੇ ਸਮੇਂ ਕਿਰਾਏ ‘ਚ ਵਾਧਾ ਨਾ ਹੋਣ ਕਰਕੇ ਕਿਰਾਇਆ ਵਧਾਉਣ ਦਾ ਫ਼ੈਸਲਾ ਵੀ ਖ਼ੁਦ ਆਟੋ-ਟੈਕਸੀ ਚਾਲਕਾਂ ਨੇ ਕੀਤਾ, ਜਿਸ ਨੂੰ ਸਰਕਾਰ ਨੇ ਲਾਗੂ ਕਰ ਦਿੱਤਾ।

ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਕਿਸੇ ਵੀ ਆਟੋ ਚਾਲਕ ਨੂੰ ਪੁੱਛ ਕੇ ਦੇਖੋ ਉਹ (ਆਟੋ ਚਾਲਕ) ਦਿੱਲੀ ਸਰਕਾਰ ਦੀਆਂ ਰੱਜ ਕੇ ਤਾਰੀਫ਼ਾਂ ਕਰੇਗਾ, ਕਿਉਂਕਿ ‘ਆਪ’ ਦੀ ਸਰਕਾਰ ਨੇ ਪਹਿਲੀ ਵਾਰ ਆਟੋ ਚਾਲਕਾਂ ਨੂੰ ਨਾ ਕੇਵਲ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਤੋਂ ਰਾਹਤ ਦਿੱਤੀ, ਸਗੋਂ ਉਨ੍ਹਾਂ ਦੇ ਮਾਣ-ਸਨਮਾਨ ਨੂੰ ਵੀ ਬਹਾਲ ਕੀਤਾ। ਇਸ ਲਈ ਨਿਯਮਾਂ ਕਾਨੂੰਨਾਂ ‘ਚ ਲੋੜੀਂਦੇ ਸੁਧਾਰ ਅਤੇ ਬਦਲਾਅ ਵੀ ਕੀਤੇ।

ਕੇਜਰੀਵਾਲ ਨੇ ਦੱਸਿਆ ਕਿ 2013 ‘ਚ ਜਦ ਪਹਿਲੀ ਵਾਰ ‘ਆਪ’ ਨੇ ਚੋਣ ਲੜੀ ਤਾਂ ਉਸ ਜਿੱਤ ਲਈ 70 ਪ੍ਰਤੀਸ਼ਤ ਭੂਮਿਕਾ ਆਟੋ-ਰਿਕਸ਼ਾ ਅਤੇ ਟੈਕਸੀ ਚਾਲਕਾਂ ਨੇ ਨਿਭਾਈ ਸੀ। ਇਸੇ ਤਰਾਂ ਅਗਲੀਆਂ ਦੋਵੇਂ ਰਿਕਾਰਡ ਜਿੱਤਾਂ ‘ਚ ਵੀ ਆਟੋ, ਰਿਕਸ਼ਾ ਅਤੇ ਟੈਂਪੂ ਚਾਲਕਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ।

ਕੇਜਰੀਵਾਲ ਨੇ ਦੱਸਿਆ ਕਿ ਸਭ ਤੋਂ ਵੱਡੀ ਭੂਮਿਕਾ ਆਟੋ ਰਿਕਸ਼ਾ ਪਿੱਛੇ ਆਮ ਆਦਮੀ ਪਾਰਟੀ (ਛਾੜੂ) ਦਾ ਪੋਸਟਰ ਲਗਾ ਕੇ ਨਿਭਾਈ। ਇਸ ਦੇ ਨਾਲ ਹੀ ਮੰਚ ਉੱਤੇ ਪੰਜਾਬ ਦੇ ਆਟੋ ਰਿਕਸ਼ਾ ਚਾਲਕਾਂ ਲਈ ‘ਇੱਕ ਮੌਕਾ ਕੇਜਰੀਵਾਲ’ ਪੋਸਟਰ ਦਾ ਉਦਘਾਟਨ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤਾ, ਜਿਸ ਨੂੰ ਬਾਅਦ ‘ਚ ਕੇਜਰੀਵਾਲ ਨੇ ਆਪਣੇ ਹੱਥੀਂ ਇੱਕ ਆਟੋ ਉੱਤੇ ਚਿਪਕਾਇਆ।

ਇਸ ਤੋਂ ਪਹਿਲਾਂ ਵੱਖ-ਵੱਖ ਆਟੋ ਰਿਕਸ਼ਾ ਚਾਲਕਾਂ ਨੇ ਸ਼ਹਿਰਾਂ ‘ਚ ਪਾਰਕਿੰਗ ਲਈ ਅਧਿਕਾਰਤ ਜਗਾ ਅਤੇ ਪ੍ਰਸ਼ਾਸਨ ਕੋਲੋਂ ਸਹਿਯੋਗ ਅਤੇ ਲੋੜੀਂਦੀਆਂ ਸਹੂਲਤਾਂ ਦੀ ਮੰਗ ਕੀਤੀ ਅਤੇ ਹੁਣ ਤੱਕ ਦੀਆਂ ਸਰਕਾਰਾਂ ‘ਤੇ ਆਟੋ-ਰਿਕਸ਼ਾ ਚਾਲਕਾਂ ਨੂੰ ਨਜ਼ਰਅੰਦਾਜ਼ ਕਰਨ ‘ਤੇ ਦੋਸ਼ ਲਗਾਏ। ਆਟੋ-ਰਿਕਸ਼ਾ ਅਤੇ ਟੈਂਪੂ-ਟੈਕਸੀ ਚਾਲਕਾਂ ਨੇ ਕਮਰਸ਼ੀਅਲ ਵਹੀਕਲਾਂ ਦੀ ਰਜਿਸਟ੍ਰੇਸ਼ਨ ਚੰਡੀਗੜ੍ਹ ਦੀ ਥਾਂ ਸਥਾਨਕ ਸ਼ਹਿਰਾਂ ‘ਚ ਕੀਤੇ ਜਾਣ ਦੀ ਮੰਗ ਵੀ ਕੀਤੀ।

ਇਸ ਆਟੋ ਸੰਵਾਦ ਪ੍ਰੋਗਰਾਮ ਮੌਕੇ ਮੰਚ ‘ਤੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਅਤੇ ਰਾਘਵ ਚੱਢਾ ਮੌਜੂਦ ਸਨ। ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਨਿਭਾਈ। ਇਸ ਪ੍ਰੋਗਰਾਮ ‘ਚ ‘ਆਪ’ ਵਿਧਾਇਕਾਂ ਅਤੇ ਸੂਬਾ ਪੱਧਰੀ ਆਗੂਆਂ ਨੇ ਵੀ ਹਾਜ਼ਰੀ ਭਰੀ।

Leave a Reply

Your email address will not be published. Required fields are marked *