ਰੂਸੀ ਫੌਜ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਈ ਹੈ।
1 min read
ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੀਤੀ ਦੇਰ ਰਾਤ ਰਾਜਧਾਨੀ ਕੀਵ ਦੇ ਨੇੜੇ ਇੱਕ ਰੂਸੀ ਜਹਾਜ਼ ਥੱਲੇ ਸੁੱਟ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਯੂਕਰੇਨ ਨੇ ਕੀਵ ਦੀਆਂ ਸੜਕਾਂ ’ਤੇ ਰੂਸੀ ਫੌਜਾਂ ਦੇ ਮੁਕਾਬਲੇ ਲਈ ਪੂਰੀ ਵਾਹ ਲਾਈ। ਯੂਕਰੇਨੀ ਰੱਖਿਆ ਮੰਤਰਾਲੇ ਨੇ 1000 ਤੋਂ ਵੱਧ ਰੂਸੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਹਮਲੇ ਵਿੱਚ 137 ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ ਦੀ ਜਾਨ ਜਾਂਦੀ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਰੂਸੀ ਹਥਿਆਰਬੰਦ ਬਲਾਂ ਦਾ ਇੰਨਾ (ਜਾਨੀ) ਨੁਕਸਾਨ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ।
ਉਧਰ, ਯੂਕਰੇਨ ’ਤੇ ਤਿੰਨ ਪਾਸਿਆਂ ਤੋਂ ਕੀਤੇ ਹਮਲੇ ਪਿੱਛੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨੀ ਫੌਜ ਨੂੰ ਤਖ਼ਤਾ ਪਲਟਣ ਦਾ ਸੱਦਾ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਸੱਤਾ ਫੌਜ ਹੱਥ ਆਉਣ ਨਾਲ ਰੂਸ ਤੇ ਯੂਕਰੇਨ ਬਿਹਤਰ ਤਰੀਕੇ ਨਾਲ ਗੱਲਬਾਤ ਕਰ ਸਕਣਗੇ।
ਪੂਤਿਨ ਨੇ ਆਪਣੇ ਯੂਕਰੇਨੀ ਹਮਰੁਤਬਾ ਵਲੋਦੋਮੀਰ ਜ਼ੇਲੈਂਸਕੀ ਦੀ ਗੱਲਬਾਤ ਦੀ ਪੇਸ਼ਕਸ਼ ਮਗਰੋਂ ਯੂਕਰੇਨ ਅੱਗੇ ਦੋ ਸ਼ਰਤਾਂ ਰੱਖੀਆਂ ਹਨ। ਪਹਿਲੀ ਸ਼ਰਤ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਮੰਨਿਆ ਜਾਵੇ ਤੇ ਯੂਕਰੇਨ ਨਾਟੋ ਫ਼ੌਜਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰੇ।
