ਲਖਨਊ ‘ਚ ਮਹਾਪੰਚਾਇਤ ਜਾਰੀ, ਟਿਕੈਤ ਬੋਲੇ- ਫਿਲਹਾਲ ਜਾਰੀ ਰਹੇਗਾ ਸਾਡਾ ਅੰਦੋਲਨ
1 min read
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਐਕਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਅੱਗੇ ਵਧਾ ਰਿਹਾ ਹੈ। ਬੀਕੇਯੂ ਆਗੂ ਰਾਕੇਸ਼ ਟਿਕੈਤ ਰਾਜਧਾਨੀ ਦੇ ਈਕੋ ਗਾਰਡਨ ਪਾਰਕ ‘ਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ‘ਚ ਪੁੱਜੇ। ਇਸ ਦੌਰਾਨ ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਰਾਜਧਾਨੀ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁੱਧ ਲਈ ਵੀ ਜੋ ਨੀਤੀ ਆ ਰਹੀ ਹੈ, ਅਸੀਂ ਉਸ ਦੇ ਵੀ ਖ਼ਿਲਾਫ਼ ਹਾਂ, ਬੀਜ ਕਾਨੂੰਨ ਵੀ ਹੈ। ਇਸ ਸਭ ਬਾਰੇ ਗੱਲ ਕਰਨਾ ਚਾਹੁੰਦੇ ਹਾਂ।ਸੰਯੁਕਤ ਕਿਸਾਨ ਮੋਰਚਾ ਹੁਣ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕਾਨੂੰਨ ਬਣਾਉਣ ‘ਤੇ ਅੜੇ ਹੋਇਆ ਹੈ। ਸਾਹਮਣੇ ਤੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ‘ਤੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ ਕਿ ਐਮਐਸਪੀ ਲਾਗੂ ਸੀ, ਲਾਗੂ ਹੈ ਅਤੇ ਲਾਗੂ ਰਹੇਗੀ। ਜਦਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਦੀ ਜਿਣਸ ਮਹਿੰਗੇ ਭਾਅ ‘ਤੇ ਖਰੀਦੀ ਜਾ ਰਹੀ ਹੈ। ਖੇਤੀ ਬਿੱਲ ਸੰਸਦ ਤੋਂ ਪਾਸ ਹੋਣ ਅਤੇ ਕਾਨੂੰਨ ਬਣਨ ਤੋਂ ਬਾਅਦ ਤੋਂ ਹੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਹੁਣ ਲਖਨਊ ‘ਚ ਸੰਯੁਕਤ ਕਿਸਾਨ ਮੋਰਚਾ ਨਾਅਰੇਬਾਜ਼ੀ ਕਰ ਰਿਹਾ ਹੈ।ਮੋਰਚੇ ਦੀ ਸੂਬਾ ਕਮੇਟੀ ਦੇ ਮੈਂਬਰ ਅਤੇ ਬੀਕੇਯੂ ਦੇ ਸੂਬਾ ਮੀਤ ਪ੍ਰਧਾਨ ਹਰੀਨਾਮ ਸਿੰਘ ਵਰਮਾ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਿਰਫ਼ ਇਕ ਚੋਣ ਡਰਾਮਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਸਬੰਧੀ ਕਾਨੂੰਨ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਹਨ ਤਾਂ ਉਹ ਸੰਸਦ ਤੋਂ ਹੀ ਵਾਪਸ ਕੀਤੇ ਜਾਣ। ਇਸ ਦੇ ਲਈ ਟੈਲੀਵਿਜ਼ਨ ‘ਤੇ ਬਿਆਨਬਾਜ਼ੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾ ਕੇ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤਕ ਕਿਸਾਨ ਇਸ ਨੂੰ ਸਵੀਕਾਰ ਨਹੀਂ ਕਰਨਗੇ। ਕਿਸਾਨ ਪੰਚਾਇਤ ‘ਚ ਬਿਜਲੀ, ਡੀਜ਼ਲ, ਮਹਿੰਗਾਈ ਆਦਿ ‘ਤੇ ਗੱਲਬਾਤ ਹੋਵੇਗੀ। ਕਿਸਾਨ ਆਗੂ ਦਰਸ਼ਨਪਾਲ ਸਿੰਘ, ਜੋਗਿੰਦਰ ਸਿੰਘ ਆਦਿ ਪੰਚਾਇਤ ਵਿਚ ਆਉਣਗੇ।
