ਲਗਾਤਾਰ ਹੋ ਰਹੀ ਬਰਸਾਤ ਫ਼ਸਲਾਂ ਲਈ ਖ਼ਤਰੇ ਦੀ ਘੰਟੀ,
1 min read
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਹ ਬਰਸਾਤ ਫਾਇਦੇ ਦੀ ਥਾਂ ਨੁਕਸਾਨ ਵਾਲੀ ਸਥਿਤੀ ’ਚ ਪਹੁੰਚ ਗਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗਡ਼੍ਹ ਦੇ ਅੰਕਡ਼ਿਆਂ ਮੁਤਾਬਕ ਪਹਿਲੀ ਤੋਂ ਸੱਤ ਜਨਵਰੀ ਦੀ ਸਵੇਰ ਤਕ ਪੰਜਾਬ ’ਚ ਔਸਤਨ 29.5 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਜਦਕਿ ਪਿਛਲੇ ਸਾਲਾਂ ’ਚ ਇਸ ਅਰਸੇ ਦੌਰਾਨ 3.3 ਮਿਲੀਮੀਟਰ ਬਰਸਾਤ ਹੁੰਦੀ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਹੁਣ ਤਕ ਜਨਵਰੀ ਮਹੀਨੇ ਦੇ ਪਹਿਲੇ ਛੇ ਦਿਨਾਂ ਵਿਚ ਹੀ ਔਸਤਨ ਨਾਲੋਂ 9 ਗੁਣਾ ਵੱਧ ਬਰਸਾਤ ਹੋ ਚੁੱਕੀ ਹੈ ਜਦੋਂ ਕਿ ਵਿਭਾਗ ਨੇ ਅਗਲੇ ਦੋ ਦਿਨ ਫਿਰ ਬਰਸਾਤ ਦੇ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਪਿਛਲੇ ਕੁਝ ਦਿਨਾਂ ਤੋਂ ਜਾਰੀ ਬਰਸਾਤ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਕਣਕ, ਆਲੂ, ਸਰ੍ਹੋਂ, ਦਾਲਾਂ ਤੇ ਹੋਰ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਣ ਦੇ ਆਸਾਰ ਬਣ ਗਏ ਹਨ। ਬਰਸਾਤ ਕਾਰਨ ਖੇਤਾਂ ’ਚ ਪਾਣੀ ਭਰ ਚੁੱਕਾ ਹੈ ਅਤੇ ਪਾਣੀ ਦੀ ਇਸ ਮਾਤਰਾ ਨਾਲ ਫ਼ਸਲਾਂ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਵੇਗਾ। ਇਸ ਸਬੰਧੀ ਸੂਬੇ ਦੇ ਖੇਤੀਬਾਡ਼ੀ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਤਕ ਹੋਈ ਬਰਸਾਤ ਨਾਲ ਪੰਜਾਬ ਦੀਆਂ ਫ਼ਸਲਾਂ ਨੂੰ ਕੋਈ ਬਹੁਤਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਰਾਤੀਂ ਅਤੇ ਅੱਜ ਦਿਨ ਵੇਲੇ ਹੋ ਰਹੀ ਬਰਸਾਤ ਦੇ ਸਬੰਧ ’ਚ ਉਹ ਸ਼ਾਮ ਤਕ ਰਿਪੋਰਟ ਤਿਆਰ ਕਰਨਗੇ।
ਫ਼ਸਲ ਦਾ ਫੁਟਾਰਾ ਘਟੇਗਾ, ਨਦੀਨ ਵਧਣਗੇ
ਆਪਣੇ ਖੇਤਾਂ ’ਚ ਮੌਸਮ ਦੀ ਜਾਣਕਾਰੀ ਦੇਣ ਵਾਲਾ ਸਿਸਟਮ ਲਗਵਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਰਡ਼ਵਾਲ ਦੇ ਕਿਸਾਨ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਟੇਲਾਈਟ ਤੋਂ ਮਿਲ ਰਹੇ ਤਾਜ਼ਾ ਅੰਕਡ਼ੇ ਦੱਸਦੇ ਹਨ ਕਿ ਹੁਣ ਤਕ ਬਰਸਾਤ ਦੀ ਮਾਤਰਾ 30 ਮਿਲੀਮੀਟਰ ਨੂੰ ਪਾਰ ਕਰ ਚੁੱਕੀ ਹੈ। ਇਸ ਨਾਲ ਫ਼ਸਲਾਂ ਦੇ ਫੁਟਾਰੇ ’ਤੇ ਅਸਰ ਪੈਣਾ ਲਾਜ਼ਮੀ ਹੈ ਕਿਉਂਕਿ ਵਧੇਰੇ ਪਾਣੀ ਨਾਲ ਫ਼ਸਲਾਂ ਦਾ ਰੂਟ ਜ਼ੋਨ ਪ੍ਰਭਾਵਿਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਰਸਾਤ ਦਾ ਸਭ ਤੋਂ ਵੱਡਾ ਨੁਕਸਾਨ ਕਣਕ ਵਿਚ ਨਦੀਨਾਂ ਦੀ ਰੋਕਥਾਮ ਨੂੰ ਲੈ ਕੇ ਆਵੇਗਾ ਕਿਉਂਕਿ ਕਿਸੇ ਵੀ ਨਦੀਨ ਨਾਸ਼ਕ ਨੇ ਵਧੇਰੇ ਨਮੀ ਵਿਚ ਕੰਮ ਨਹੀਂ ਕਰਨਾ, ਜਿਸ ਕਾਰਨ ਨਦੀਨ ਮਰਨ ਦੀ ਥਾਂ ਨਿਰੰਤਰ ਵੱਧਦੇ ਫੁੱਲਦੇ ਰਹਿਣਗੇ। ਇਹੋ ਹੀ ਹਾਲ ਆਲੂਆਂ ਵਿਚਲੇ ਨਦੀਨ ਗੁੱਲੀ ਡੰਡੇ ਦਾ ਹੋਵੇਗਾ ਤੇ ਉਹ ਕਾਬੂ ਵਿਚ ਨਹੀਂ ਆਵੇਗਾ।
ਮੁਡ਼ ਬਿਜਾਈ ਕਰਨੀ ਪਏਗੀ
ਬਰਸਾਤ ਦਾ ਸਭ ਤੋਂ ਜ਼ਿਆਦਾ ਨੁਕਸਾਨ ਆਲੂਆਂ ਦੀ ਪੁਟਾਈ ਤੋਂ ਬਾਅਦ ਬੀਜੀਆਂ ਫ਼ਸਲਾਂ ਦਾ ਹੋਇਆ ਹੈ, ਜਿਨ੍ਹਾਂ ਵਿਚ ਕਾਫੀ ਜ਼ਿਆਦਾ ਰਕਬਾ ਕਣਕ ਅਤੇ ਜੌਂਅ ਦਾ ਹੈ ਕਿਉਂਕਿ ਇਹ ਫ਼ਸਲਾਂ ਮੀਂਹ ਦੇ ਪਾਣੀ ਕਾਰਨ ਕਰੰਡ ਜ਼ਮੀਨ ਦੀ ਉੱਪਰਲੀ ਸਤ੍ਹਾ ’ਤੇ ਜੰਮਣ ਵਾਲੀ ਪੇਪਡ਼ੀ ਕਾਰਨ ਉੱਗ ਨਹੀਂ ਸਕਣਗੀਆਂ ਤੇ ਕਿਸਾਨਾਂ ਨੂੰ ਇਸ ਦੀ ਮੁਡ਼ ਬਿਜਾਈ ਕਰਨੀ ਪਵੇਗੀ।
