January 27, 2023

Aone Punjabi

Nidar, Nipakh, Nawi Soch

ਲੁਧਿਆਣਾ ਕੋਰਟ ਬੰਬ ਧਮਾਕੇ ‘ਤੇ ਬੋਲੇ DGP – ਅਸੀਂ 24 ਘੰਟਿਆਂ ‘ਚ ਇਹ ਕੇਸ ਸੁਲਝਾ ਲਿਆ

1 min read

ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ ਅਸੀਂ 24 ਘੰਟਿਆਂ ਵਿੱਚ ਇਹ ਮਾਮਲਾ ਹੱਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਲਾਸਟ ਕੇਸ ਦੇ ਮੁਲਜ਼ਮਾਂ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਡੀਜੀਪੀ ਬਣਦਿਆਂ ਹੀ ਪੰਜਾਬ ਵਿੱਚ ਕੁੱਝ ਘਟਨਾਵਾਂ ਵਾਪਰੀਆਂ ਹਨ। ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਅਸੀਂ 1986 ਵਿਚ ਅੱਤਵਾਦ ਦੇ ਸਮੇਂ ਕੰਟਰੋਲ ਕੀਤਾ ਸੀ। ਅੱਜ ਇੱਕ ਵਾਰ ਫਿਰ ਸਾਡੇ ਸਾਹਮਣੇ ਇੱਕ ਮਿਸ਼ਨ ਹੈ। ਅੱਜ ਅੱਤਵਾਦ, ਡਰੱਗ ਅਤੇ ਹੋਰ ਮੁੱਦੇ ਹਨ ਅਤੇ ਲੁਧਿਆਣਾ ਵਿੱਚ ਵੀ ਕੁੱਝ ਅਜਿਹਾ ਹੀ ਹੋਇਆ ਹੈ।ਉਨ੍ਹਾਂ ਕਿਹਾ, ”ਲੁਧਿਆਣਾ ਬੰਬ ਬਲਾਸਟ ਬਹੁਤ ਜ਼ਬਰਦਸਤ ਧਮਾਕਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਧਮਾਕੇ ਵਾਲੀ ਥਾਂ ਤੋਂ ਮੋਬਾਈਲ, ਸਿਮ ਕਾਰਡ, ਕੱਪੜੇ ਅਤੇ ਸਬੂਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਇੱਕ ਬਰਖਾਸਤ ਅਧਿਕਾਰੀ ਸੀ ਅਤੇ ਅਮਨਦੀਪ ਅਤੇ ਵਿਕਾਸ ਇਸ ਦੇ ਸਾਥੀ ਸਨ, ਜਿਨ੍ਹਾਂ ਖਿਲਾਫ ਨਸ਼ੇ ਦਾ ਕੇਸ ਦਰਜ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਜੇਲ੍ਹ ਦੇ ਅੰਦਰ ਹੀ ਇਨ੍ਹਾਂ ਦਾ ਨਸ਼ੇ ਅਤੇ ਬੰਬ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਹੋਇਆ ਸੀ। ਡੀਜੀਪੀ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਹੀ ਇਨ੍ਹਾਂ ਦੇ ਸਬੰਧ ਖਾਲਿਸਤਾਨੀਆਂ ਨਾਲ, ਨਸ਼ਾ ਤਸਕਰਾਂ ਅਤੇ ਦੇਸ਼ ਤੋਂ ਬਾਹਰਲੇ ਲੋਕਾਂ ਨਾਲ ਜੁੜੇ ਸਨ। ਡੀਜੀਪੀ ਨੇ ਦੱਸਿਆ ਕਿ ਫੋਰੈਂਸਿਕ ‘ਚ ਜਾਂਚ ਦਾ ਵਿਸ਼ਾ ਹੈ ਪਰ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ ਹੈ।  ਡੀਜੀਪੀ ਨੇ ਦੱਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਬੇਅਦਬੀ ਵਾਲੇ ਦੋਸ਼ੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਅਤੇ ਜਾਂਚ ਜਾਰੀ ਹੈ। ਇਸ ਦੇ ਇਲਾਵਾ ਕਪੂਰਥਲਾ ‘ਚ ਬੇਅਦਬੀ ਬਾਰੇ ਗੱਲ ਕਹੀ ਜਾ ਰਹੀ ਸੀ , ਉਸ ਵਿੱਚ ਕੇਸ ਦਰਜ ਕੀਤਾ ਤਾਂ ਪਤਾ ਲੱਗਿਆ ਕਿ ਉਥੇ ਬੇਅਦਬੀ ਦੀ ਕੋਈ ਗੱਲ ਨਹੀਂ ਸੀ, ਸਿਰਫ ਚੋਰੀ ਦਾ ਮਾਮਲਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਗੈਂਗਸਟਰ ਨਹੀਂ ਬਲਕਿ ਖਿਡਾਰੀ ਬਣਨੇ ਚਾਹੀਦੇ ਹਨ , ਜਿਸ ਨੇ ਜ਼ੋਰ ਦਿਖਾਉਣਾ ਹੈ , ਉਹ ਖੇਡ ‘ਚ ਦਿਖਾਵੇ , ਅੱਜ ਪਿੰਡ ਖਾਲੀ ਹੋ ਰਹੇ ਹਨ। ਇਸ ਤੋਂ ਪਹਿਲਾਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਗਗਨਦੀਪ ਅਦਾਲਤ ਦੇ ਰਿਕਾਰਡ ਰੂਮ ਨੂੰ ਧਮਾਕੇ ਨਾਲ ਉਡਾਣਾ ਚਾਹੁੰਦਾ ਸੀ। ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਬਰਖ਼ਾਸਤ ਕਾਂਸਟੇਬਲ ਸੀ ਅਤੇ ਨਸ਼ਾ ਤਸਕਰੀ ਦੇ ਕੇਸ ਵਿੱਚ ਵੀ ਮੁਲਜ਼ਮ ਸੀ। ਇਸ ਤੋਂ ਬਾਅਦ ਦੇਰ ਰਾਤ ਪੁਲਸ ਗਗਨਦੀਪ ਦੇ ਭਰਾ ਨੂੰ ਜਾਂਚ ਅਤੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।

Leave a Reply

Your email address will not be published. Required fields are marked *