ਲੋਕਧਾਰਾ ਦੇ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਫਾਨੀ ਦੁਨੀਆ ਤੋਂ ਰੁਖ਼ਸਤ
1 min read
ਲੇਕਧਾਰਾ ਦੇ ਸਿਰਕੱਢ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਨਹੀਂ ਰਹੇ। ਉਹ ਲੋਕ ਸਾਹਿਤ ਦੇ ਵੱਡੇ ਵਿਦਵਾਨ ਸਨ। ਅੱਜ ਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਆਪਣੇ ਪੁੱਤਰ ਕੋਲ ਰਹਿੰਦੇ ਸਨ । ਉਹ ਆਪਣੇ ਪਿੱਛੇ ਪੁੱਤਰ ਰਾਜਬੀਰ ਛੱਡ ਗਏ ਹਨ।
ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਸਨ। ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਬਣਾਉਣ ਅਤੇ ਇਕ ਅਹਿਮ ਵਿਸ਼ੇ ਵਜੋਂ ਇਸਨੂੰ ਅਕਾਦਮਿਕ ਕੋਰਸਾਂ ਦਾ ਸਜੀਵ ਤੇ ਸ਼ਕਤੀਸ਼ਾਲੀ ਅੰਗ ਬਣਾਉਣ ਵਿਚ ਉਹਨਾਂ ਨੇ ਮੁਲਵਾਨ ਯੋਗਦਾਨ ਪਾਇਆ। ਉਹਨਾਂ ਦੀ ਦੂਰ ਅੰਦੇਸ਼ ਦ੍ਰਿਸ਼ਟੀ, ਉਚੇਰੀ ਸੂਝ ਤੇ ਖੋਜੀ ਬਿਰਤੀ ਨੇ ਸੱਭਿਆਚਾਰ ਵਿਗਿਆਨ ਤੇ ਵਿਰਾਸਤੀ ਗੌਰਵ ਦਾ ਸੁਮੇਲ ਕਰਦਿਆਂ ਮੌਲਿਕ ਧਾਰਨਾਵਾਂ ਪ੍ਰਸਤੁਤ ਕੀਤੀਆਂ।
ਕਰਨੈਲ ਸਿੰਘ ਦਾ ਜਨਮ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਮਾਤਾ ਅਨੰਦ ਕੌਰ ਅਤੇ ਪਿਤਾ ਭਾਨ ਸਿੰਘ ਦੇ ਘਰ ਹੋਇਆ।ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪੀਐਚ.ਡੀ ਤੱਕ ਦੀ ਉਚੇਰੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਅਤੇ ਖੋਜ ਕਾਰਜ ਨੂੰ ਉਮਰ ਭਰ ਜਾਰੀ ਰੱਖਿਆ। ਕਰਨੈਲ ਸਿੰਘ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਡਾ. ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਵੀ ਰਹੇ ਬਾਅਦ ਵਿਚ ਉਹ ਉਸੇ ਹੀ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੇ ਤੌਰ ਤੇ ਨਿਯੁਕਤ ਹੋਏ। ਡਾ. ਥਿੰਦ ਕੁਝ ਸਮੇਂ ਲਈ ਲਈ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਮੁਖੀ ਵੀ ਬਣੇ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਸਟੱਡੀਜ਼ ਦੇ ਬੋਰਡ ਦੇ ਕਨਵੀਨਰ ਸੀ। ਉਹ 1977-1978 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੰਡੀਕੇਟ ਦੇ ਮੈਂਬਰ ਰਹੇ।
ਡਾ. ਥਿੰਦ ਦੀ ਵਿਸ਼ੇਸ਼ਗਤਾ ਦੇ ਮੁੱਖ ਖੇਤਰ ਪੰਜਾਬੀ ਭਾਸ਼ਾ, ਪੰਜਾਬੀ ਦਾ ਲੋਕ ਸਾਹਿੱਤ ਤੇ ਸਭਿਆਚਾਰ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ ਸੀ। ਜਿਥੇ ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਤ ਡੇਢ ਦਰਜਨ ਪੁਸਤਕਾਂ ਦੇ ਲੇਖਕ/ ਸੰਪਾਦਕ ਸਨ।
ਉਨ੍ਹਾਂ ਦੇ 75 ਤੋਂ ਵੱਧ ਖੋਜ ਪੱਤਰ ਵੀ ਛਪ ਚੁੱਕੇ ਹਨ। ਡਾ. ਥਿੰਦ ਸੱਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਯੋਗਦਾਨ ਪਾ ਚੁੱਕੇ ਸਨ। ਆਪ ਸਾਲ 2000 ਅਤੇ 2003 ਵਿਚ ਸੁੱਚਾ ਸਿੰਘ ਦੀਪਕ ਤੇ ਭੁਪਿੰਦਰ ਮੱਲ੍ਹੀ ਦੀ ਅਗਵਾਈ ਹੇਠ ਅਦਾਰਾ ਸਾਊਥ ਏਸ਼ੀਆ ਰੀਵਿਊ ਵੱਲੋਂ ਪ੍ਰਿੰਸ ਜਾਰਜ(ਕੈਨੇਡਾ) ਵਿਖੇ, ਕਰਵਾਈਆਂ ਗਈਆਂ ਦੋਵੇਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਪ੍ਰਧਾਨ ਸਨ।
ਸਾਹਿਤ ਦੇ ਆਦਾਨ-ਪ੍ਰਦਾਨ ਰਾਹੀਂ ਹਿੰਦ-ਪਾਕਿ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਲਈ ਆਪ ਨੇ ਪਾਕਿਸਤਾਨ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀਆਂ ਦੋ ਦਰਜਨ ਪੁਸਤਕਾਂ ਫ਼ਾਰਸੀ/ਸ਼ਾਹਮੁਖੀ ਤੋਂ ਗੁਰਮੁਖੀ ਵਿਚ ਤਿਆਰ ਕਰਵਾ ਕੇ ਭਾਰਤੀ ਪਾਠਕਾਂ ਤੱਕ ਪਹੁੰਚਾਈਆਂ ਜਿੰਨ੍ਹਾਂ ਚੋਂ ਪ੍ਰਮੁੱਖ ਨਜਮ ਹੁਸੈਨ ਸੱਯਦ ਦੀ ਸੰਪੂਰਨ ਕਵਿਤਾ ਨੂੰ ਪ੍ਰਕਾਸ਼ਿਤ ਕਰਨਾ ਸੀ। ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਪਾਕਿਸਤਾਨੀ ਪੰਜਾਬੀ ਸਾਹਿੱਤ ਦਾ ਅਧਿੈਨ ਵੀ ਉਨ੍ਹਾਂ ਦੀ ਹੀ ਪਹਿਲਕਦਮੀ ਕਾਰਨ ਸੰਭਵ ਹੋਇਆ।
