July 6, 2022

Aone Punjabi

Nidar, Nipakh, Nawi Soch

ਲੋਕਾਂ ਤੋਂ ਮਿਲ ਰਹੇ ਹੁੰਗਾਰੇ ਤੋਂ ਬੜਾ ਖੁਸ਼ ਹਾਂ, ਪੰਜਾਬ ਨੂੰ ਕਰਜ਼ੇ ਹੇਠੋਂ ਕੱਢਣ ਲਈ ਸਹੀ ਕਦਮ ਚੁੱਕਣ ਦੀ ਲੋੜ: ਕੈਪਟਨ

1 min read

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸੂਬੇ ਭਰ ਵਿਚ ਲੋਕਾਂ ਤੋਂ ਮਿਲ ਰਹੇ ਉਤਸ਼ਾਹ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਤਿੰਨੇ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਕਈ ਮੌਜੂਦਾ ਅਤੇ ਸਾਬਕਾ ਵਿਧਾਇਕ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋਣਗੇ।

ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਮਿਸ਼ਨ ਦਾ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇੱਥੇ ਸਿਰਫ਼ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਨ ਲਈ ਨਹੀਂ ਆਏ ਹਨ। ਇਸ ਦੌਰਾਨ ਸੂਬੇ ਨੂੰ ਹੁਣ ਪੇਸ਼ ਆ ਰਹੀਆਂ ਕੁਝ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਪੰਜਾਬ ਨੂੰ ਬਚਾਉਣਾ ਨਹੀਂ, ਬਲਕਿ ਇਸ ਦੇ ਪੁਰਾਣੇ ਸਨਮਾਨ ਨੂੰ ਵੀ ਮੁੜ ਕਾਇਮ ਕਰਨਾ ਹੈ।ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪੰਜਾਬ ਕਰੀਬ 5 ਲੱਖ ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਹੈ, ਜਿਹੜਾ ਸੂਬੇ ਦੀ ਕੁੱਲ ਜੀਡੀਪੀ ਦਾ ਕਰੀਬ 70 ਪ੍ਰਤੀਸ਼ਤ ਬਣਦਾ ਹੈ। ਇਸ ਰਕਮ ਨੂੰ ਚੁਕਾਉਂਦੇ ਹੋਏ ਕਈ ਪੀੜ੍ਹੀਆਂ ਲੱਗ ਜਾਣਗੀਆਂ ਅਤੇ ਇਸ ਲਈ ਤੁਰੰਤ ਸਹੀ ਕਦਮ ਚੁੱਕਣ ਦੀ ਲੋੜ ਹੈ।

ਉਨ੍ਹਾਂ ਨੇ ਇਹ ਵੀ ਹੈਰਾਨੀ ਪ੍ਰਗਟਾਈ ਕਿ ਕਿਸ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਲੁਭਾਵਣੇ ਐਲਾਨ ਕਰੀ ਜਾ ਰਹੇ ਹਨ। ਸੰਭਾਵਿਤ ਤੌਰ ਤੇ ਉਹ ਜਾਣਦੇ ਹਨ ਕਿ ਕਾਂਗਰਸ ਸੱਤਾ ਵਿਚ ਵਾਪਸ ਨਹੀਂ ਆਉਣ ਵਾਲੀ ਅਤੇ ਅਗਲੀ ਸਰਕਾਰ ਨੂੰ ਇਸਦਾ ਬੋਝ ਚੁੱਕਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਜਿਆਦਾ ਸਮੇਂ ਤਕ ਖੇਤੀਬਾੜੀ ਤੇ ਨਿਰਭਰ ਨਹੀਂ ਰਹਿ ਸਕਦਾ ਅਤੇ ਉਸ ਨੂੰ ਆਧੁਨਿਕ ਇੰਡਸਟਰੀ ਲਈ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਤੰਬਰ 2021 ਤਕ ਇੱਕ ਲੱਖ ਕਰੋੜ ਰੁਪਏ ਪੰਜਾਬ ਵਿੱਚ ਨਿਵੇਸ਼ ਹੋ ਚੁੱਕੇ ਸਨ।

ਇਸੇ ਤਰ੍ਹਾਂ ਗੁਆਂਢੀ ਦੇਸ਼ਾਂ ਤੋਂ ਖ਼ਤਰੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾ ਦੁਸ਼ਮਣੀ ਨਹੀਂ ਰੱਖਣਾ ਚਾਹੁੰਦਾ। ਉਹ ਵਿਅਕਤੀਗਤ ਤੌਰ ਤੇ ਕਿਸੇ ਵੀ ਪਾਕਿਸਤਾਨੀ ਵਿਅਕਤੀ ਦੇ ਖ਼ਿਲਾਫ਼ ਨਹੀਂ ਹਨ, ਲੇਕਿਨ ਉਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਅਤੇ ਉਨ੍ਹਾਂ ਦੀਆਂ ਅੱਤਵਾਦ ਦੀਆਂ ਫੈਕਟਰੀਆਂ ਨਾਲ ਸਮੱਸਿਆ ਹੈ, ਜਿਹੜੇ ਸਾਡੇ ਇੱਥੇ ਅੱਤਵਾਦ ਦਾ ਪ੍ਰਸਾਰ ਕਰਦੇ ਹਨ ਅਤੇ ਦੇਸ਼ ਦੇ ਬਾਰਡਰਾਂ ਤੇ ਸਾਡੇ ਜਵਾਨਾਂ ਦਾ ਕਤਲ ਕਰਦੇ ਹਨ।

ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਸਾਲ 2015 ਚ ਹੋਈਆਂ ਬੇਅਦਬੀਆਂ ਅਤੇ ਉਨ੍ਹਾਂ ਉੱਪਰ ਕੋਈ ਕਾਰਵਾਈ ਨਾ ਹੋਣ ਕਾਰਨ ਲੋਕਾਂ ਵੱਲੋਂ ਦਿੱਤੀ ਗਈ ਸਜ਼ਾ ਤੋਂ ਬਾਅਦ ਇਹ ਆਪਣੇ ਕਦਮ ਹੀ ਨਹੀਂ ਟਿਕਾਅ ਪਾ ਰਹੇ ਹਨ।

ਇਸ ਤੋਂ ਇਲਾਵਾ, ਕਿਸਾਨ ਇਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਦਿੱਤੇ ਗਏ ਸਮਰਥਨ ਲਈ ਮੁਆਫ਼ ਨਹੀਂ ਕਰਨ ਵਾਲੇ, ਜਿਹੜੇ ਬਾਅਦ ਵਿੱਚ ਆਪਣੇ ਸਟੈਂਡ ਤੋਂ ਪਿੱਛੇ ਹਟ ਗਏ ਸਨ। ਜਦਕਿ ਆਪਣੀ ਪਾਰਟੀ ਦੀ ਰਣਨੀਤੀ ਬਾਰੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਲੋਕ ਕਾਂਗਰਸ ਭਾਜਪਾ ਨਾਲ ਸੀਟਾਂ ਦੀ ਵੰਡ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਚਰਚਾ ਕਰ ਰਹੀ ਹੈ। ਉਹ ਉਮੀਦ ਕਰਦੇ ਹਨ ਕਿ ਸੀਟਾਂ ਤੇ ਸਹਿਮਤੀ ਜਲਦ ਹੀ ਬਣ ਜਾਵੇਗੀ ਅਤੇ ਨਵੀਂ ਸਰਕਾਰ ਕਿਸੇ ਵੀ ਕੀਮਤ ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰੇਗੀ।

Leave a Reply

Your email address will not be published. Required fields are marked *