ਸ਼ੀਤਕਾਲੀਨ ਸੈਸ਼ਨ 2021 : ਸੰਸਦ ’ਚ ਹੰਗਾਮਾ ਰੁਕਣ ਦੇ ਨਹੀਂ ਦਿਸ ਰਹੇ ਆਸਾਰ, ਲੋਕ ਸਭਾ ਅਤੇ ਰਾਜ ਸਭਾ 2 ਵਜੇ ਤਕ ਮੁਲਤਵੀ
1 min read
ਲਖੀਮਪੁਰ ਕਾਂਡ ’ਤੇ ਸੰਸਦ ਦੇ ਅੰਦਰ ਅਤੇ ਬਾਹਰ ਸਿਆਸੀ ਸੰਗ੍ਰਾਮ ਦੇ ਫਿਲਹਾਲ ਰੁਕਣ ਦੇ ਆਸਾਰ ਨਹੀਂ ਦਿਸ ਰਹੇ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਨੂੰ ਮੁਲਤਵੀ ਕਰਨਾ ਪਿਆ। ਵਿਰੋਧੀ ਧਿਰ ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਅਤੇ ਲਖੀਮਪੁਰ ਖੀਰੀ ਕਾਂਡ ’ਚ ਗ੍ਰਿਫ਼ਤਾਰ ਆਸ਼ੀਸ਼ ਮਿਸ਼ਰਾ ਦੇ ਪਿਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ’ਤੇ ਅੜਿਆ ਹੋਇਆ ਹੈ। ਵਿਰੋਧੀ ਦਲ ਆਪਣੀਆਂ ਮੰਗਾਂ ਨੂੰ ਲੈ ਕੇ ਦੋਵਾਂ ਸਦਨਾਂ ’ਚ ਹੰਗਾਮਾ ਕਰ ਰਹੇ ਹਨ। ਇਸਨੂੰ ਲੈ ਕੇ ਵਿਰੋਧੀ ਅੱਜ ਸੰਸਦ ਭਵਨ ਤੋਂ ਵਿਜੈ ਚੌਕ ਤਕ ਵਿਰੋਧ ਮਾਰਚ ਕੱਢਣ ਦੀ ਤਿਆਰੀ ’ਚ ਹਨ।
ਸਰਕਾਰ ਬੋਲਣ ਦਾ ਮੌਕਾ ਨਹੀਂ ਦਿੰਦੀ : ਡੋਲਾ ਸੇਨ
ਟੀਐਮਸੀ ਦੀ ਸੰਸਦ ਮੈਂਬਰ ਡੋਲਾ ਸੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਰੋਜ਼ ਸਦਨ ਦੀ ਮਰਿਆਦਾ ਨੂੰ ਘਟਾ ਰਹੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਨੋਟਬੰਦੀ ਵਰਗੇ ਐਲਾਨ ਬਿਨਾਂ ਚਰਚਾ ਕੀਤੇ ਕੀਤੇ ਗਏ। 10 ਮਿੰਟਾਂ ਵਿੱਚ ਬਿੱਲ ਪਾਸ ਹੋ ਜਾਂਦੇ ਹਨ। ਜਦੋਂ ਉਹ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ, ਅਸੀਂ ਰੌਲਾ ਪਾਉਂਦੇ ਹਾਂ, ਨਾਅਰੇ ਮਾਰਦੇ ਹਾਂ।
ਮੁਅੱਤਲ ਕੀਤੇ ਸੰਸਦ ਮੈਂਬਰ ਸੰਸਦ ਦੀ ਮਰਿਆਦਾ ਨੂੰ ਘਟਾਉਂਦੇ ਹਨ
ਕੇਂਦਰੀ ਮੰਤਰੀ ਏ ਆਰ ਮੇਘਵਾਲ ਨੇ ਕਿਹਾ ਹੈ ਕਿ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਸੰਸਦ ਦੀ ਮਰਿਆਦਾ ਨੂੰ ਘਟਾਇਆ ਹੈ। ਉਨ੍ਹਾਂ ਨੂੰ ਕੁਝ ਪਛਤਾਵਾ ਜ਼ਰੂਰ ਹੋਵੇਗਾ। ਜੇਕਰ ਉਹ ਮੁਆਫ਼ੀ ਮੰਗਦੇ ਹਨ ਤਾਂ ਸਰਕਾਰ ਮੁਅੱਤਲੀ ਵਾਪਸ ਲੈਣ ਬਾਰੇ ਸੋਚੇਗੀ। ਇਹ ਸੰਸਦੀ ਰਵਾਇਤ ਰਹੀ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਸੰਸਦ ਦੀ ਮਾਣ-ਮਰਿਆਦਾ ਨੂੰ ਘੱਟ ਕਰਨ ਲਈ ਕੁਝ ਕਰਦਾ ਹੈ ਤਾਂ ਉਹ ਮੁਆਫੀ ਮੰਗਦਾ ਹੈ।
