ਸਰਕਾਰਾਂ-ਬੱਸ ਮਾਫ਼ੀਆ ਦੇ ਨਾਪਾਕ ਗਠਜੋੜ ਕਾਰਨ ਪੰਜਾਬ ਨੂੰ ਕਰੀਬ 6600 ਕਰੋੜ ਦਾ ਘਾਟਾ ਪਿਆ: ਰਾਜਾ ਵੜਿੰਗ
1 min read
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅੱਜ ਦੱਸਿਆ ਹੈ ਕਿ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਅਪਰੇਟਰਾਂ ਨੂੰ ਨੱਥ ਪਾਉਣ ਨਾਲ ਵਿਭਾਗ ਨੂੰ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਤੋਂ ਵੀ ਵੱਧ ਦਾ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਹੈ।
ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਆਮਦਨ ਦਿਨੋਂ-ਦਿਨ ਵਧ ਰਹੀ ਹੈ, ਜੋ ਹੁਣ 100.48 ਲੱਖ ਰੁਪਏ ਰੋਜ਼ਾਨਾ ਪੁੱਜ ਚੁੱਕੀ ਹੈ। ਵਿਭਾਗ ਦੀ ਪਿਛਲੇ ਦੋ ਮਹੀਨੇ ਦੀ ਆਮਦਨ ਦਾ ਹਵਾਲਾ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਤੰਬਰ 2021 ਵਿੱਚ ਪੀ.ਆਰ.ਟੀ.ਸੀ. ਦੀ ਆਮਦਨ 39.01 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼ ਦੀ ਆਮਦਨ 34.15 ਕਰੋੜ ਰੁਪਏ ਸੀ, ਜੋ ਅਕਤੂਬਰ ਮਹੀਨੇ ਦੌਰਾਨ ਵਧ ਕੇ ਕ੍ਰਮਵਾਰ 54.74 ਕਰੋੜ ਅਤੇ 49.57 ਕਰੋੜ ਰੁਪਏ ਹੋ ਗਈ।
ਰਾਜਾ ਵੜਿੰਗ ਨੇ ਦੱਸਿਆ ਕਿ ਦੋਵਾਂ ਅਦਾਰਿਆਂ ਦੀ ਸਤੰਬਰ ਮਹੀਨੇ ਦੀ ਕੁੱਲ 73.16 ਕਰੋੜ ਦੀ ਆਮਦਨ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ 42.57 ਫ਼ੀਸਦੀ (31.15 ਕਰੋੜ ਰੁਪਏ) ਦੇ ਵਾਧੇ ਨਾਲ ਇਹ ਕਮਾਈ 104.31 ਕਰੋੜ ਰੁਪਏ ਰਹੀ। ਉਨ੍ਹਾਂ ਦੱਸਿਆ ਕਿ ਦੋਵਾਂ ਅਦਾਰਿਆਂ ਤੋਂ ਅੱਜ ਦੇ ਦਿਨ ਤੱਕ ਦੀ ਰੋਜ਼ਾਨਾ ਆਮਦਨ 100.48 ਲੱਖ ਰੁਪਏ ਹੋ ਰਹੀ ਹੈ।
ਵਿਭਾਗ ਦੀ ਵਧੀ ਆਮਦਨ ਦੀ ਪਿਛਲੇ ਸਮੇਂ ਨਾਲ ਤੁਲਨਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ 10 ਸਾਲਾ ਕਾਰਜਕਾਲ ਸਮੇਤ ਬੱਸ ਮਾਫ਼ੀਆ ਨਾਲ ਅੰਦਰਖਾਤੇ ਯਾਰੀ ਪੁਗਾਉਣ ਵਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ 4 ਸਾਲ ਦੀ ਸਮਝੌਤਾਵਾਦੀ ਸਰਕਾਰ ਦੇ ਕੁੱਲ 5220 ਦਿਨਾਂ ਦੀ ਰਾਸ਼ੀ ਕਰੀਬ 5200 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰੀ ਖ਼ਜ਼ਾਨੇ ਦੀ ਸ਼ਰ੍ਹੇਆਮ ਲੁੱਟ ਹੈ।” ਉਨ੍ਹਾਂ ਕਿਹਾ ਕਿ ਐਨੀ ਵੱਡੀ ਰਾਸ਼ੀ ਨਾਲ ਆਪਣੀਆਂ ਜੇਬਾਂ ਭਰਨ ਵਾਲੇ ਕਦੇ ਵੀ ਲੋਕ ਹਿਤੈਸ਼ੀ ਨਹੀਂ ਹੋ ਸਕਦੇ।
