July 6, 2022

Aone Punjabi

Nidar, Nipakh, Nawi Soch

ਸਰਕਾਰੀ ਸਕੂਲ ਦੇ ਹੈੱਡਮਾਸਟਰ ਨੂੰ ਕਾਂਗਰਸੀ ਸਰਪੰਚ ਨੇ ਵਿਦਿਆਰਥੀਆਂ ਸਾਹਮਣੇ ਮਾਰੀਆਂ ਚਪੇੜਾਂ

1 min read

ਕਸਬਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਮੀਨੀਆਂ ਵਿਖੇ ਸਰਕਾਰੀ ਹਾਈ ਸਕੂਲ ਦੇ ਹੈੱਡ ਮਾਸਟਰ ਦੀ ਕੁੱਟਮਾਰ ਕਰਨ ਤੇ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ ‘ਚ ਪੁਲਿਸ ਨੇ ਮਹਿਲਾ ਕਾਂਗਰਸੀ ਸਰਪੰਚ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਦੋਂ ਇਹ ਘਟਨਾ ਵਾਪਰੀ ਉਦੋਂ ਸਕੂਲ ਲੱਗਾ ਹੋਇਆ ਸੀ। ਪਿੰਡ ਮੀਨੀਆਂ ਦੇ ਸਰਕਾਰੀ ਹਾਈ ਸਕੂਲ ਵਿਖੇ ਤਾਇਨਾਤ ਹੈੱਡਮਾਸਟਰ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਪਿੰਡ ਦੇ ਸਕੂਲ ‘ਚ ਸੋਲਰ ਸਿਸਟਮ ਲੱਗਾ ਸੀ, ਜਿਸ ਨੂੰ ਦੇਖਣ ਲਈ ਪਿੰਡ ਦਾ ਸਾਬਕਾ ਸਰਪੰਚ ਆਪਣੇ- ਆਪ ਸਕੂਲ ‘ਚ ਆ ਗਿਆ। ਜਦ ਇਸ ਸਬੰਧੀ ਪਿੰਡ ਦੀ ਹੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਜਗਸੀਰ ਸਿੰਘ ਉਰਫ ਘੋਗੀ ਵਾਸੀ ਪਿੰਡ ਮੀਨੀਆਂ ਨੂੰ ਪੱਤਾ ਲੱਗਾ ਤਾਂ ਉਸ ਨੇ ਸਕੂਲ ‘ਚ ਆ ਕੇ ਉਸ ਨਾਲ ਤਕਰਾਰਬਾਜ਼ੀ ਕਰਦਿਆਂ ਕਹਿਣ ਲੱਗਾ ਕਿ ਤੂੰ ਸਾਬਕਾ ਸਰਪੰਚ ਨੂੰ ਸਕੂਲ ਦੇ ਪ੍ਰੋਗਰਾਮਾਂ ‘ਤੇ ਬੁਲਾਉਂਦਾ ਹੈ ਤੇ ਉਸ ਨੇ ਉਸ ਦੇ ਥੱਪੜ ਮਾਰਿਆ ਤੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ, ਜਿਸਨੇ ਅਜਿਹਾ ਕਰ ਕੇ ਉਸ ਦੀ ਸਰਕਾਰੀ ਡਿਊਟੀ ‘ਚ ਵਿਘਨ ਪਾਇਆ ਹੈ। ਪੁਲਿਸ ਨੇ ਸਕੂਲ ਹੈੱਡ ਮਾਸਟਰ ਦੀ ਸ਼ਿਕਾਇਤ ‘ਤੇ ਜਗਸੀਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸਰਕਾਰੀ ਸਕੂਲਾਂ ਵਿੱਚ ਸਿਆਸੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ : ਡੀਟੀਐੱਫ

ਪਿੰਡ ਮੀਨੀਆਂ ਦੇ ਸਰਕਾਰੀ ਹਾਈ ਸਕੂਲ ਦੇ ਇੰਚਾਰਜ ਸ਼੍ਰੀ ਜਸਵਿੰਦਰ ਸਿੰਘ ਦੀ ਸੱਤਾਧਾਰੀ ਧਿਰ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਸਾਥੀਆਂ ਵੱਲੋਂ ਸਕੂਲ ਸਮੇਂ ਦੌਰਾਨ ਕੀਤੀ ਕਥਿਤ ਕੁੱਟਮਾਰ ਅਤੇ ਗੁੰਡਾਗਰਦੀ ਦਾ ਡੀਟੀਐੱਫ ਨਿਹਾਲ ਸਿੰਘ ਵਾਲ਼ਾ ਨੇ ਸਖ਼ਤ ਨੋਟਿਸ ਲਿਆ ਹੈ। ਡੀਟੀਐੱਫ ਨਿਹਾਲ ਸਿੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ , ਸਕੱਤਰ ਹੀਰਾ ਸਿੰਘ ਢਿੱਲੋਂ ਅਤੇ ਵਿੱਤ ਸਕੱਤਰ ਸੁਖਜੀਤ ਸਿੰਘ ਕੁੱਸਾ ਨੇ ਕਿਹਾ ਕਿ ਪਿਛਲੇ ਦਿਨੀਂ ਮੀਨੀਆਂ ਪਿੰਡ ਦੇ ਮਹਿਲਾ ਸਰਪੰਚ ਦੇ ਪਤੀ ਵੱਲੋੰ ਸਕੂਲ ਇੰਚਾਰਜ ਜਸਵਿੰਦਰ ਸਿੰਘ ਤੇ ਕੀਤਾ ਗਿਆ ਜਾਨਲੇਵਾ ਹਮਲਾ ਬਰਦਾਸ਼ਤ ਤੋਂ ਬਾਹਰ ਦੀ ਮੁਜ਼ਰਮਾਨਾ ਕਾਰਵਾਈ ਹੈ। ਇਹ ਵੀ ਧਿਆਨ ਵਿੱਚ ਆਇਆ ਹੈ ਕਿ ਉਕਤ ਘਟਨਾ ਨੂੰ ਸਕੂਲ ਸਮੇਂ ਦੌਰਾਨ ਬੱਚਿਆਂ ਦੀ ਹਾਜ਼ਰੀ ਵਿੱਚ ਅੰਜ਼ਾਮ ਦਿੱਤਾ ਗਿਆ ਹੈ। ਪੂਰੀ ਘਟਨਾ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਆਗੂਆ ਨੇ ਕਿਹਾ ਕਿ ਵੋਟਾਂ ਦੀ ਰੁੱਤ ਵਿੱਚ ਪਿੰਡਾਂ ਦੇ ਆਪਸੀ ਸਿਆਸੀ ਸ਼ਰੀਕਾ ਭੇੜ ਲਈ ਸਰਕਾਰੀ ਸਕੂਲਾਂ ਨੂੰ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਸਕੂਲਾਂ ਦੀ ਬੇਹਤਰੀ ਲਈ ਸਕੂਲ ਮੁਖੀ ਅਤੇ ਸਟਾਫ਼ ਦੀ ਅਗਵਾਈ ਵਿੱਚ ਹੋ ਰਹੇ ਵੱਖ ਵੱਖ ਕਾਰਜਾਂ ਨੂੰ ਵੇਖਣ ਸਟਾਫ਼ ਨੂੰ ਵਿਸ਼ਵਾਸ ਵਿੱਚ ਲੈ ਕੇ ਕੋਈ ਵੀ ਜਨਤਕ ਨੁਮਾਇੰਦਾ ਅਤੇ ਆਮ ਨਾਗਰਿਕ ਆ ਸਕਦਾ ਹੈ। ਸਕੂਲ ਪ੍ਰਬੰਧਕ ਕਮੇਟੀ ਵਿੱਚ ਵੀ ਪੰਚਾਇਤ ਦੇ ਚੁਣੇ ਹੋਏ ਨੁਮਾਇੰਦੇ ਸ਼ਾਮਿਲ ਹੁੰਦੇ ਹਨ ਪਰ ਸਰਕਾਰੀ ਡਿਊਟੀ ਦੌਰਾਨ ਪਿੰਡ ਵਿਚਲੀ ਆਪਸੀ ਸਿਆਸੀ ਰੰਜਿਸ਼ ਕੱਢਦਿਆਂ ਸਕੂਲ ਮੁਖੀ ਉੱਪਰ ਹਮਲਾ ਨਿਰੋਲ ਸਿਆਸੀ ਗੁੰਡਾਗਰਦੀ ਹੈ ਜਿਸਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਜੇਕਰ ਪਿੰਡ ਦੀ ਸਰਪੰਚ ਇੱਕ ਮਹਿਲਾ ਹੈ ਤਾਂ ਉਸਦੇ ਅਧਾਰ ਤੇ ਉਸਦੇ ਪਤੀ ਨੂੰ ਨੁਮਾਇੰਦਗੀ ਕਰਨ ਦਾ ਕੋਈ ਵੀ ਸੰਵਿਧਾਨਕ ਹੱਕ ਨਹੀਂ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਨੌਕਰੀ ਵਿੱਚ ਵਿਘਨ ਪਾਉਣ ਸਮੇਤ ਬਣਦੀਆਂ ਹੋਰ ਕਾਨੂੰਨੀ ਧਾਰਾਵਾਂ ਦਰਜ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਦੋਸ਼ੀਆਂ ਦੀ ਪਿੱਠ ਪੂਰੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਘਟਨਾ ਸੰਬੰਧੀ ਮੀਟਿੰਗ ਵਿੱਚ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਡੀਟੀਐੱਫ ਆਗੂ ਗੁਰਮੀਤ ਝੋਰੜਾਂ, ਹਰਪ੍ਰੀਤ ਰਾਮਾਂ, ਸੰਦੀਪ ਸਿੰਘ, ਨਵਦੀਪ ਧੂੜਕੋਟ, ਸੁਨੀਲ ਕੁਮਾਰ, ਜੋਬਨਦੀਪ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *