ਸਰਕਾਰ ਦੇ ਦਾਅਵੇ ਤੇ ਪਰਾਲੀ ਦਾ ਧੂੰਆਂ, ਦੋਵੇਂ ਹਵਾ ’ਚ
1 min read
ਇਸ ਵੇਲੇ ਸਮੁੱਚਾ ਪੰਜਾਬ ਪਰਾਲੀ ਦੇ ਧੂੰਏਂ ਦੀ ਲਪੇਟ ’ਚ ਆਇਆ ਹੋਇਆ ਹੈ, ਦੂਜੇ ਪਾਸੇ ਸਰਕਾਰ ਵੱਲੋਂ ਦਿਖਾਏ ਜਾ ਰਹੇ ਅੰਕਡ਼ਿਆਂ ਵਿਚ ਇਸ ਵਾਰ ਪਿਛਲੇ ਸਾਲਾਂ ਨਾਲੋਂ ਪਰਾਲੀ ਸਾੜਨ ਦੇ ਕੇਸਾਂ ’ਚ ਕਮੀ ਦੱਸੀ ਜਾ ਰਹੀ ਹੈ। ਅਸਲੀਅਤ ਇਹ ਹੈ ਕਿ ਇਸ ਵਾਰ ਕਮੀ ਦੀ ਥਾਂ ਇਨ੍ਹਾਂ ਕੇਸਾਂ ਵਿਚ ਭਾਰੀ ਵਾਧਾ ਹੋਇਆ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕਡ਼ਿਆਂ ਮੁਤਾਬਕ 15 ਸਤੰਬਰ ਤੋਂ 12 ਨਵੰਬਰ ਤਕ ਅੱਗ ਲਾਉਣ ਦੇ ਇਸ ਸਾਲ 59121 ਕੇਸ ਹੋਏ ਹਨ ਜੋ ਕਿ 2020 ’ਚ ਇਸ ਅਰਸੇ ਦੌਰਾਨ 71091 ਸਨ ਭਾਵ ਇਸ ਸਾਲ ਇਨ੍ਹਾਂ ਵਿਚ 11970 ਦੀ ਕਮੀ ਆਈ ਹੈ ਜੋ ਮੰਨਣਯੋਗ ਨਹੀਂ ਕਿਉਂਕਿ ਪੰਜਾਬ ਦਾ ਵਾਤਾਵਰਨ, ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਕੀਤੀ ਗੱਲਬਾਤ, ਮੌਜੂਦਾ ਮੌਸਮ, ਬੇਹੱਦ ਮਹਿੰਗਾ ਡੀਜ਼ਲ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ ਕਿ ਕਿਸਾਨਾਂ ਨੇ ਪਿਛਲੇ ਸਾਲਾਂ ਨਾਲੋਂ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਨੂੰ ਘੱਟ ਨਹੀਂ ਸਗੋਂਂ ਵੱਧ ਤਰਜੀਹ ਦਿੱਤੀ ਹੈ। ਹਾਲਾਤ ਇਹ ਹਨ ਕਿ ਦੁਪਹਿਰੋਂ ਬਾਅਦ ਬਾਹਰ ਨਿਕਲਣ ਤੇ ਅੱਖਾਂ ਵਿਚ ਧੂੰਆਂ ਚੁੱਭਦਾ ਹੈ ਤੇ ਹੰਝੂ ਵਗਣ ਲੱਗ ਪੈਂਦੇ ਹਨ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਏਅਰ ਕੁਆਲਿਟੀ ਇੰਡੈਕਸ ਤੋਂ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਵਧੇਰੇ ਅੱਗ ਲਾਏ ਜਾਣ ਦੀ ਪੁਸ਼ਟੀ ਹੋ ਜਾਂਦੀ ਹੈ। ਜਾਰੀ ਅੰਕਡ਼ਿਆਂ ਮੁਤਾਬਕ ਮੰਡੀ ਗੋਬਿੰਦਗਡ਼੍ਹ ’ਚ ਇਹ ਇੰਡੈੱਕਸ 262 ਹੈ ਜੋ ਕਿ ਪਿਛਲੇ ਸਾਲ ਅੱਜ ਦੇ ਦਿਨ 224 ਸੀ। ਇਸੇ ਤਰ੍ਹਾਂ ਮਾਡਲ ਟਾਊਨ ਪਟਿਆਲਾ ਵਿਚ ਇਸ ਸਾਲ 285 ਹੈ ਜੋ ਪਿਛਲੇ ਸਾਲ 250 ਸੀ। ਲੁਧਿਆਣਾ ਵਿਚ 220 ਹੈ, ਜੋ ਪਿਛਲੇ ਸਾਲ 189 ਸੀ। ਜਲੰਧਰ ਵਿਚ ਇਹ 255 ਹੈ ਜੋ ਪਿਛਲੇ ਸਾਲ 239 ਸੀ। ਵੱਖ-ਵੱਖ ਪ੍ਰਚਾਰ ਸਾਧਨਾਂ ਦੇ ਜ਼ਰੀਏ ਸਭ ਤੋ ਵੱਧ ਪ੍ਰਚਾਰੇ ਜਾ ਰਹੇ ਦਿੱਲੀ ਦੇ ਅੰਕਡ਼ੇ ਇਸ ਵਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿਉਂਕਿ ਅੱਜ ਦਿੱਲੀ ਵਿਚ ਏਕਿਉਆਈ 470 ਹੈ ਜੋ ਪਿਛਲੇ ਸਾਲ ਅੱਜ ਦੇ ਦਿਨ 379 ਸੀ।
ਦੁੱਗਣੇ ਤੋਂ ਵੀ ਵੱਧ ਹੋਈਆਂ ਪਰਾਡ਼ੀ ਸਾਡ਼ਨ ਦੀਆਂ ਘਟਨਾਵਾਂ
ਹੁਣ ਤਕ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਜੋ ਅੰਕਡ਼ੇ ਜਾਰੀ ਕੀਤੇ ਜਾ ਰਹੇ ਉਸ ਤੋਂ ਜਾਪਦਾ ਸੀ ਕਿ ਇਸ ਵਾਰ ਪਰਾਲੀ ਨੂੰ ਪਿਛਲੇ ਸਾਲ ਨਾਲੋਂ ਘੱਟ ਅੱਗ ਲਾਈ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਝੋਨੇ ਦੀ ਕਟਾਈ ਸਮੇਂ ਹੋਈ ਬਰਸਾਤ ਸੀ, ਜਿਸ ਕਾਰਨ ਝੋਨੇ ਦੀ ਰਹਿੰਦ ਖੂੰਹਦ ਨੂੰ ਤੁਰੰਤ ਅੱਗ ਲਾਏ ਜਾਣਾ ਸੰਭਵ ਹੀ ਨਹੀਂ ਸੀ। ਹੁਣ ਜਦੋਂ ਪਰਾਲੀ ਸੁੱਕੀ ਹੈ ਤਾਂ ਅੱਗ ਲਾਉਣ ਦਾ ਦੀਆਂ ਘਟਨਾਵਾਂ ਇਕਦਮ ਵਧੀਆ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਜਾਰੀ ਤਾਜ਼ਾ ਅੰਕਡ਼ੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 12 ਨਵੰਬਰ 2020 ਨੂੰ ਅੱਗ ਲਾਉਣ ਦੇ ਪੰਜਾਬ ਵਿਚ ਕੱੁਲ ਮਾਮਲੇ 1758 ਸਨ ਜੋ ਇਸ ਸਾਲ 3403 ਹੋ ਗਏ।
ਲੱਖਾਂ ਮੀਟ੍ਰਿਕ ਟਨ ਜੈਵਿਕ ਤੇ ਪੋਸ਼ਕ ਤੱਤਾਂ ਦਾ ਹੋ ਰਿਹੈ ਨੁਕਸਾਨ
ਸੇਵਾ ਮੁਕਤ ਨਿਰਦੇਸ਼ਕ ਖੇਤੀਬਾਡ਼ੀ ਡਾ ਜਸਵੀਰ ਸਿੰਘ ਬੈਂਸ ਨੇ ਦੱਸਿਆ ਕਿ ਇਕ ਟਨ ਪਰਾਲੀ ਸਾਡ਼ਨ ਨਾਲ ਵਾਤਾਵਰਨ ਵਿਚ 3 ਕਿੱਲੋ ਕਣ, 60 ਕਿੱਲੋ ਕਾਰਬਨ ਮੋਨੋਆਕਸਾਈਡ, 1460 ਕਿੱਲੋ ਕਾਰਬਨ ਡਾਈਆਕਸਾਈਡ, 199 ਕਿੱਲੋ ਸੁਆਹ ਅਤੇ 2 ਕਿੱਲੋ ਸਲਫਰ ਆਕਸਾਈਡ ਨਿਕਲਦਾ ਹੈ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਇਸ ਨਾਲ ਗ੍ਰੀਨ ਹਾਊਸ ਗੈਸਾਂ ਦਾ ਭਾਰੀ ਨਿਕਾਸ ਹੁੰਦਾ ਹੈ। ਪੰਜਾਬ ਹਰ ਸਾਲ ਸਾਢੇ 38 ਲੱਖ ਮੀਟ੍ਰਿਕ ਟਨ ਜੈਵਿਕ ਕਾਰਬਨ 59000 ਮੀਟ੍ਰਿਕ ਟਨ ਨਾਈਟ੍ਰੋਜਨ, 2000 ਮੀਟ੍ਰਿਕ ਟਨ ਫਾਸਫੋਰਸ ਤੇ 34000 ਮੀਟ੍ਰਿਕ ਟਨ ਪੋਟਾਸ਼ੀਅਮ ਦਾ ਨੁਕਸਾਨ ਕਰ ਲੈਂਦਾ ਹੈ।
