February 2, 2023

Aone Punjabi

Nidar, Nipakh, Nawi Soch

ਸਵੈਚ ਕਮਾਲੂ ਦੇ ਕਿਸਾਨ ਦੀ ਟਿਕਰੀ ਬਾਰਡਰ ’ਤੇ ਮੌਤ, 10 ਲੱਖ ਦਾ ਕਰਜ਼ਾਈ ਤੇ ਬਜ਼ੁਰਗ ਮਾਪਿਆਂ ਦਾ ਇਕੋ-ਇਕ ਸਹਾਰਾ ਸੀ ਦੱਮਣ ਸਿੰਘ

1 min read

ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਵੈਚ ਕਮਾਲੂ ਦੇ ਕਿਸਾਨ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ’ਚ ਕਿਸਾਨਾਂ ਨੇ ਗੱਡੀਆਂ ਦੇ ਕਾਫਲੇ ’ਚ ਕਿਸਾਨ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ। ਜਾਣਕਾਰੀ ਅਨੁਸਾਰ ਕਿਸਾਨ ਦੱਮਣ ਸਿੰਘ (40) ਵਾਸੀ ਸਵੈਂਚ ਕਰੀਬ 11 ਏਕੜ ਜ਼ਮੀਨ ਦਾ ਮਾਲਕ ਸੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਸਰਗਰਮ ਵਰਕਰ ਸੀ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਹੈ, ਉਹ ਲਗਾਤਾਰ ਦਿੱਲੀ ਕਿਸਾਨ ਮੋਰਚੇ ’ਚ ਸ਼ਿਰਕਤ ਕਰ ਰਿਹਾ ਸੀ ਅਤੇ ਹੁਣ 5-6 ਦਿਨਾਂ ਤੋਂ ਟਿਕਰੀ ਬਾਰਡਰ ਧਰਨੇ ’ਚ ਮੌਜੂਦ ਸੀ।ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਐਤਵਾਰ ਨੂੰ ਕਿਸਾਨ ਦੱਮਣ ਸਿੰਘ ਨੂੰ ਘਬਰਾਹਟ ਹੋਈ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਹਾਰਟ ਅਟੈਕ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਸਿਰ ’ਤੇ ਕਰੀਬ 10 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਬਜ਼ੁਰਗ ਮਾਪਿਆਂ ਦਾ ਇਕੋ-ਇਕ ਸਹਾਰਾ ਸੀ। ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ ਅਤੇ ਬਲਵਿੰਦਰ ਸਿੰਘ ਜੋਧਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪੰਜ ਲੱਖ ਰੁਪਏ ਦੀ ਆਰਥਿਕ ਮੱਦਦ ਕੀਤੀ ਜਾਵੇ।ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਲੈ ਕੇ 700 ਤੋਂ ਵਧੇਰੇ ਕਿਸਾਨ ਮਾਰੇ ਜਾ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਭਾਵੇਂ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ, ਪ੍ਰੰਤੂ ਐੱਮਐੱਸਪੀ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲਾਗੂ ਕਰਨ ਲਈ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਚੰਨੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਪੱਖੋਂ ਕਿਸਾਨਾਂ ਦੀ ਮੱਦਦ ਕਰਨ ਲਈ ਵਚਨਬੱਧ ਹੈ

ਮ੍ਰਿਤਕ ਕਿਸਾਨ ਦੀ ਇਕਲੌਤੀ ਧੀ ਨੇ ਦਿੱਤਾ ਅਰਥੀ ਨੂੰ ਮੋਢਾ

ਮ੍ਰਿਤਕ ਕਿਸਾਨ ਦੱਮਣ ਸਿੰਘ ਦੇ ਸਿਰਫ ਇਕ ਲੜਕੀ ਜਸਪੀ੍ਰਤ ਕੌਰ, ਜੋ ਅੱਠਵੀਂ ਕਲਾਸ ’ਚ ਪੜ੍ਹ ਰਹੀ ਹੈ, ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਸਵੈਂਚ ਦੇ ਸ਼ਮਸ਼ਾਨ ਘਾਟ ’ਚ ਉਸ ਦਾ ਸਸਕਾਰ ਕਰ ਦਿੱਤਾ

Leave a Reply

Your email address will not be published. Required fields are marked *