ਸ਼ਰਦ ਪਵਾਰ ਨੇ ਕੀਤੀ PM ਮੋਦੀ ਦੀ ਕੀਤੀ ਤਾਰੀਫ, ਕਿਹਾ- ਸਾਬਕਾ ਪ੍ਰਧਾਨ ਮੰਤਰੀਆਂ ‘ਚ ਅਜਿਹਾ ਨਹੀਂ ਸੀ ਅੰਦਾਜ਼
1 min read
ਪਿਛਲੀ ਯੂਪੀਏ ਸਰਕਾਰ ਵਿਚ ਖੇਤੀ ਮੰਤਰੀ ਰਹੇ 81 ਸਾਲਾ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਬੁੱਧਵਾਰ ਨੂੰ ਇਕ ਪ੍ਰੋਗਰਾਮ ‘ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ਾਸਨ ‘ਤੇ ਚੰਗੀ ਪਕੜ ਹੈ ਤੇ ਇਹ ਉਨ੍ਹਾਂ ਦਾ ਮਜ਼ਬੂਤ ਪੱਖ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੰਮ ਕਰਨ ਦੀ ਸ਼ੈਲੀ ਦੀ ਤਾਰੀਫ਼ ਕਰਦੇ ਹੋਏ ਸ਼ਰਦ ਪਵਾਰ ਨੇ ਕਿਹਾ ਕਿ ਜਦੋਂ ਉਹ ਕੋਈ ਕੰਮ ਕਰ ਲੈਂਦੇ ਹਨ ਤਾਂ ਉਸ ਨੂੰ ਪੂਰਾ ਕਰਨਾ ਯਕੀਨੀ ਬਣਾਉਂਦੇ ਹਨ। ਪਵਾਰ ਨੇ ਕਿਹਾ ਕਿ ਮੋਦੀ ਬਹੁਤ ਮਿਹਨਤ ਕਰਦੇ ਹਨ ਅਤੇ ਕੰਮ ਨੂੰ ਪੂਰਾ ਕਰਨ ਲਈ ਕਾਫੀ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦਾ ਸੁਭਾਅ ਅਜਿਹਾ ਹੈ ਕਿ ਜਦੋਂ ਉਹ ਕੋਈ ਵੀ ਕੰਮ ਸੰਭਾਲ ਲੈਂਦੇ ਹਨ, ਤਾਂ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਜਦੋਂ ਤਕ ਉਹ (ਕੰਮ) ਆਪਣੇ ਸਿੱਟੇ ‘ਤੇ ਨਹੀਂ ਪਹੁੰਚ ਜਾਂਦਾ, ਉਦੋਂ ਤਕ ਉਸ ਨੂੰ ਨਹੀਂ ਰੁਕਣਾ ਚਾਹੀਦਾ।
ਪਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਕਿਵੇਂ ਪ੍ਰਸ਼ਾਸਨ ਅਤੇ ਇਸ ਦੇ ਸਹਿਯੋਗੀ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਕੱਠੇ ਹੋ ਸਕਦੇ ਹਨ। ਮੋਦੀ ਕੋਲ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲਣ ਦਾ ਵੱਖਰਾ ਤਰੀਕਾ ਹੈ ਤੇ ਮਨਮੋਹਨ ਸਿੰਘ ਵਰਗੇ ਸਾਬਕਾ ਪ੍ਰਧਾਨ ਮੰਤਰੀਆਂ ਵਿਚ ਇਹ ਸ਼ੈਲੀ ਨਹੀਂ ਸੀ। ਪਵਾਰ ਨੇ ਕਿਹਾ ਕਿ ਮੇਰੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰਾਏ ਸੀ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਬਦਲਾਖੋਰੀ ਦੀ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੇਰੇ ਤੋਂ ਇਲਾਵਾ ਯੂਪੀਏ ਸਰਕਾਰ ਵਿਚ ਕੋਈ ਹੋਰ ਮੰਤਰੀ ਨਹੀਂ ਸੀ ਜੋ ਮੋਦੀ ਨਾਲ ਗੱਲ ਕਰ ਸਕਦਾ ਕਿਉਂਕਿ ਉਹ ਮਨਮੋਹਨ ਸਿੰਘ ਸਰਕਾਰ ‘ਤੇ ਲਗਾਤਾਰ ਹਮਲੇ ਕਰਦੇ ਰਹਿੰਦੇ ਸਨ।
ਪਵਾਰ ਨੇ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਮੈਂ ਕੇਂਦਰ ਵਿਚ ਸੀ। ਜਦੋਂ ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਂਦੇ ਸਨ, ਮੋਦੀ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਮੂਹ ਦੀ ਅਗਵਾਈ ਕਰਦੇ ਸਨ ਅਤੇ ਕੇਂਦਰ ‘ਤੇ ਹਮਲਾ ਕਰਦੇ ਸਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ‘ਚ ਮੋਦੀ ਨੂੰ ਜਵਾਬ ਦੇਣ ਦੀ ਰਣਨੀਤੀ ਬਣਾਈ ਗਈ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਯੂਪੀਏ ਦੀਆਂ ਅੰਦਰੂਨੀ ਮੀਟਿੰਗਾਂ ਵਿਚ ਉਹ ਹਾਜ਼ਰ ਹਰ ਕਿਸੇ ਨੂੰ ਦੱਸਦੇ ਸਨ ਕਿ ਭਾਵੇਂ ਉਨ੍ਹਾਂ ਤੇ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਵਿਚਾਲੇ ਮਤਭੇਦ ਸਨ, ਪਰ ਕਿਸੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਮੁੱਖ ਮੰਤਰੀ ਸਨ। ਉਨ੍ਹਾਂ ਕਿਹਾ ਕਿ ਮੈਂ ਮੀਟਿੰਗਾਂ ਵਿਚ ਕਿਹਾ ਕਰਦਾ ਸੀ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇਕ ਸੂਬੇ ਦੇ ਮੁੱਖ ਮੰਤਰੀ ਹਨ ਤੇ ਲੋਕਾਂ ਨੇ ਉਨ੍ਹਾਂ ਨੂੰ ਫਤਵਾ ਦਿੱਤਾ ਹੈ। ਜੇਕਰ ਉਹ ਮੁੱਦੇ ਲੈ ਕੇ ਇੱਥੇ ਆ ਰਹੇ ਹਨ ਤਾਂ ਇਹ ਸਾਡਾ ਰਾਸ਼ਟਰੀ ਫਰਜ਼ ਬਣਦਾ ਹੈ ਕਿ ਮਤਭੇਦ ਸੁਲਝਾਏ ਜਾਣ ਅਤੇ ਉਨ੍ਹਾਂ ਦੇ ਰਾਜ ਦੇ ਲੋਕਾਂ ਦੇ ਹਿੱਤ ਪ੍ਰਭਾਵਿਤ ਨਾ ਹੋਣ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਦੀ ਰਾਏ ਦਾ ਸਮਰਥਨ ਕੀਤਾ ਸੀ।
ਪਵਾਰ ਨੇ ਕਿਹਾ ਕਿ ਮੈਂ ਇਕੱਲਾ ਕੇਂਦਰੀ ਮੰਤਰੀ ਸੀ ਜੋ ਗੁਜਰਾਤ ਜਾ ਕੇ ਸੂਬੇ ਦੇ ਮੁੱਦਿਆਂ ਨੂੰ ਦੇਖਦਾ ਸੀ। ਪਵਾਰ ਨੇ ਕਿਹਾ ਕਿ ਸਿੰਘ ਅਤੇ ਮੇਰਾ ਵਿਚਾਰ ਸੀ ਕਿ ਸਾਨੂੰ ਬਦਲਾਖੋਰੀ ਦੀ ਰਾਜਨੀਤੀ (ਉਸ ਸਮੇਂ ਦੇ ਮੁੱਖ ਮੰਤਰੀ ਮੋਦੀ ਦੇ ਖਿਲਾਫ) ਨਹੀਂ ਰੱਖਣੀ ਚਾਹੀਦੀ। ਸਾਡਾ ਵਿਚਾਰ ਸੀ ਕਿ ਸਾਨੂੰ ਸਥਾਪਤ ਢਾਂਚੇ (ਪ੍ਰਸ਼ਾਸਨ) ਤੋਂ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਅਸੀਂ ਅਜਿਹਾ ਕਦੇ ਨਹੀਂ ਕੀਤਾ।” ਹਾਲਾਂਕਿ, ਐੱਨਸੀਪੀ ਨੇਤਾ ਨੇ ਕਿਹਾ ਕਿ ਯੂਪੀਏ ਗਠਜੋੜ ਦੇ ਕੁਝ ਮੈਂਬਰਾਂ ਨੇ ਗੁਜਰਾਤ ਵਿਚ ਕੁਝ ਲੋਕਾਂ ਵਿਰੁੱਧ ਸਖ਼ਤ ਸਟੈਂਡ ਲਿਆ ਹੈ।
