ਸਿਰਫ਼ ਦਿੱਲੀ ਹੀ ਜ਼ਿੰਮੇਵਾਰ?
1 min read
ਮੱਨੁਖੀ ਜੀਵਨ ਜਿਉਣ ਦੇ ਲਈ ਸਿਰਫ਼ ਰੋਟੀ, ਕੱਪੜਾ ਤੇ ਮਕਾਨ ਹੀ ਨਹੀਂ ਪਰ ਪਿਆਰ, ਸਨੇਹ, ਇੱਜ਼ਤ ਅਤੇ ਆਜ਼ਾਦੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸਿਰਫ਼ ਭਾਰਤੀ ਸਮਾਜ ਹੀ ਨਹੀਂ, ਦੁਨੀਆ ਦੇ ਬਹੁਤੇ ਸਮਾਜਾਂ ਵਿੱਚ ਮੁੱਢ ਤੋਂ ਹੀ ਬਰਾਬਤਾ ਦੀ ਘਾਟ ਪਾਈ ਗਈ ਹੈ। ਜੇ ਗੱਲ ਕਰਿਏ ਕੁਦਰਤ ਦੀ ਤਾਂ ਇਹ ਗੱਲ ਕੁਝ ਜ਼ਿਆਦਾ ਵਿਲੱਖਣ ਨਹੀਂ ਲੱਗਦੀ ਕਿ ਅਸੀਂ ਸਾਰੇ ਵੱਖਰੇ ਹਾਂ ਅਤੇ ਸਾਡੇ ਆਪਣੇ ਅਲੱਗ ਵਿਚਾਰ ਤੇ ਬਣਤਰ ਹੈ। ਪਰ ਦਿਕਤ ਉਦੋਂ ਆਉਂਦੀ ਹੈ ਜਦੋਂ ਇਸ ਦੀ ਆੜ ਵਿੱਚ ਮਰਦ- ਔਰਤ ਜਾਂ ਹੋਰ ਪੈਮਾਨਿਆਂ ਤੇ ਭੇਦ-ਭਾਵ ਕੀਤਾ ਜਾਂਦਾ ਹੈ। ਔਰਤਾਂ ਨੂੰ ਸਦਿਆਂ ਤੋਂ ਦਬਾਅ ਕੇ ਰੱਖਣ ਵਿੱਚ ਸਾਡੇ ਸਮਾਜ ਨੂੰ ਮਜ਼ਾ ਆਉਣ ਲਗਾ ਹੈ। ਔਰਤਾਂ ਦੇ ਹੱਕ ਵਿੱਚ ਅਕਸਰ ਹੀ ਅਸੀਂ ਰੋਸ, ਮੋਮਬਤੀ ਮਾਰਚ ਕੱਢ ਦੇ ਨਜ਼ਰ ਆ ਜਾਂਦੇ ਹਾਂ ਪਰ ਕਦੀ ਆਪਣੇ ਘਰਾਂ ਵਿੱਚ ਬੜੇ ਹੀ ਸਲਿਕੇ ਨਾਲ ਹੁੰਦੇ ਵਿਤਕਰੇ ਖਿਲ਼ਾਫ ਕਿੰਨੀ ਕੁ ਵਾਰੀ ਆਵਾਜ਼ ਚੁੱਕਦੇ ਹਾਂ? ਕੀ ਸਾਨੂੰ ਉਹ ਵਿਤਕਰਾ, ਵਿਤਕਰੇ ਵਰਗਾ ਲੱਗਦਾ ਵੀ ਹੈ? ਪੜ੍ਹਣ ਤੋਂ ਲੈਕੇ ਘਰ ਤੋਂ ਬਾਹਰ ਨਿਕਲਣ ਵਰਗੇ ਫੇੇੈਸਲੇ ਲਈ ਅਸੀਂ ਕਦੋਂ ਤੱਕ ਆਪਣੀਆਂ ਧੀਆਂ-ਭੈੇਣਾਂ ਨੂੰ ਵਾਂਝੇ ਰੱਖਾਂਗੇ?

ਇਹ ਗੱਲ ਨਕਾਰੀ ਨਹੀਂ ਜਾ ਸਕਦੀ ਕਿ ਔਰਤਾਂ ਨੂੰ ਖੁਦ ਵੀ ਘਰੋਂ ਬਾਹਰ ਨਿਕਲਣ ਵਿੱਚ ਡਰ ਲੱਗਦਾ ਹੈ, ਉਸ ਡਰ ਦਾ ਜ਼ਿੰਮਾਂ ਕਿਸ ਦੇ ਸਿਰ ਜਾਂਦਾ ਹੈ ਉਸ ਨਾਲ ਅਸੀਂ ਸਾਰੇ ਭਲੀਭਾਂਤੀ ਜਾਣੂੰ ਹਾਂ। ਆਏ ਦਿਨ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਇੱਕ ਤੋਂ ਇੱਕ ਵੱਧ ਕੇ ਹੋ ਰਹੇ ਸ਼ਰਮਨਾਕ ਕਾਂਢ ਦੀ ਜਾਣਕਾਰੀ ਮਿਲਦੀ ਹੈ। ਇਹਨਾਂ ਘਟਨਾਵਾਂ ਨੂੰ ਸੁਣ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਇਸੇ ਦੇਸ਼ ਵਿੱਚ ਅੋਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ। ਨਿਰਭਿਆ ਕਾਂਡ ਤੋਂ ਬਾਅਦ ਦਿੱਲੀ ਨੂੰ ਲੋਕਾਂ ਨੇ ‘ਰੇਪ ਕੇੈਪਿਟਲ’ ਕਹਿ ਕੇ ਸੰਬੋਧਨ ਕਰਨਾ ਸ਼ੂਰੁ ਕੀਤਾ, ਜਿਵੇਂ ਕਿ ਅਪਰਾਧ ਸਿਰਫ ਰਾਜਧਾਨੀ ਦੇ ਹਿੱਸੇ ਆਏ ਹੋਣ। ਉਹਨਾਂ ਅਪਰਾਧਾਂ ਦਾ ਕੀ, ਜੋ ਕਦੀ ਪੁਲਿਸ ਚੌਂਕੀ ਤੱਕ ਪਹੁੰਚ ਦੇ ਹੀ ਨਹੀਂ?
ਕੁੜੀ ਨੂੰ ਕਦੀ ਮਾਂ ਬਾਪ, ਕਦੇ ਪਤੀ-ਸਹੁਰਿਆਂ ਦੀ ਗੱਲ ਮੰਨ ਕੇ ਜੀਵਨ ਕੱਢ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਅਸੀਂ ਉਨ੍ਹਾਂ ਨੂੰ ਆਪਣਾ ਜੀਵਨ, ਆਪਣੀਆਂ ਸ਼ਰਤਾਂ ਤੇ ਮਰਜ਼ੀ ਨਾਲ਼ ਜਿਉਣ ਦੀ ਸਿੱਖਿਆ ਕਦੋਂ ਦਵਾਂਗੇ? ਸਾਰੀ ਉਮਰ ਫੋਕੀ ਟੋਰ ਅਤੇ ਇੱਜ਼ਤ ਨੂੰ ਬਚਾਉਂਦੀਆ ਕੱਢ ਦੇਣਾ ਕਿੰਨੀ ਕੁ ਸਿਆਣੀ ਗੱਲ ਹੈ? ਜਦੋਂ ਤੁਸੀਂ ਮਰੋਗੇਂ, ਤੁਹਾਡੇ ਹਿੱਸੇ ਦੀ ਮੌਤ ਕੋਈ ਹੋਰ ਨਹੀਂ ਲਵੇਗਾ, ਤਾਂ ਤੁਸੀਂ ਆਪਣੀ ਜ਼ਿੰਦਗੀ ਕਿਸੇ ਹੋਰ ਦੇ ਦੱਸੇ ਰਾਹ ਤੇ ਚੱਲ ਕੇ ਕਿਉਂ ਬਤੀਤ ਕਰਨਾ ਚਾਹੋਗੇ? ਸਾਡੇ ਸਮਾਜ ਨੂੰ ਬਿਹਤਰੀ ਵੱਲ ਲੈਕੇ ਜਾਣਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਜਿਵੇਂ ਕਹਿੰਦੇ ਨੇ ਕਿ ਹਵਾਈ ਜਹਾਜ਼ ਵਿੱਚ ਕਿਸੇ ਵੀ ਆਪਾਤਕਾਲਿਨ ਸਥਿਤੀ ਵਿੱਚ ਆਪਣਾ ਆਕਸੀਜ਼ਨ ਮਾਸਕ ਪਹਿਲਾਂ ਪਾਉਣਾ ਜ਼ਰੂਰੀ ਹੁੰਦਾ ਹੈ, ਆਪਣੇ ਜੀਵਨ ਵਿੱਚ ਵੀ ਇਹੀ ਨਿਯਮ ਅਪਣਾਉਣਾ ਚਾਹੀਦਾ ਹੈ। ਕਿਸੇ ਨੂੰ ਵੀ ਆਪਣਾ ਹੀ ਜੀਵਨ ਜਿਉਣ ਲਈ, ਆਜ਼ਾਦੀ ਦੀ ਮੰਗ ਕਰਨੀ ਪਵੇ, ਇਸ ਤੋਂ ਵੱਧ ਤਰਾਸਦੀ ਕੀ ਹੋ ਸਕਦੀ ਹੈ?