ਸਿੱਧੂ ਅੱਜ ਜਾਣਗੇ ਕਰਤਾਰਪੁਰ ਸਾਹਿਬ ਮੱਥਾ ਟੇਕਣ, ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਵਪਾਰ ਲਈ ਅਟਾਰੀ ਸਰਹੱਦ ਖੋਲ੍ਹਣ ਦੀ ਵੀ ਉੱਠੀ ਮੰਗ
1 min read
28 ਸਾਲਾ ਇਮਰਾਨ ਹੈਦਰ ਇਸਲਾਮਾਬਾਦ ਵਿਚ ਪ੍ਰਾਪਰਟੀ ਦਾ ਕੰਮ ਕਰਦਾ ਹੈ ਅਤੇ ਜਦੋਂ ਉਸਨੂੰ ਪਤਾ ਲੱਗਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਮੱਥਾ ਟੇਕਣ ਲਈ ਆ ਰਹੇ ਹਨ ਤਾਂ ਉਹ ਆਪਣੇ ਦੋ ਦੋਸਤਾਂ ਨਾਲ ਇਸਲਾਮਾਬਾਦ ਤੋਂ 500 ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਆ ਗਿਆ। ਜਦੋਂ ਉਸਨੂੰ ਪਤਾ ਲੱਗਾ ਕਿ ਸਿੱਧੂ ਤਾਂ 20 ਨਵੰਬਰ ਨੂੰ ਆਉਣਗੇ, ਉਨ੍ਹਾਂ ਨੂੰ ਪਹਿਲੇ ਦਿਨ ਆਉਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਹ ਨਿਰਾਸ਼ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਸਿੱਧੂ ਦੇ ਬਹੁਤ ਵੱਡੇ ਫੈਨ ਹਨ। ਇਕ ਪਾਕਿਸਤਾਨੀ ਨੌਜਵਾਨ ਦੇ ਮੂੰਹ ਤੋਂ ਉਨ੍ਹਾਂ ਦੀ ਤਰੀਫ਼ ਸੁਣ ਕੇ ਬਹੁਤ ਹੈਰਾਨੀ ਹੋਈ।
ਇਨ੍ਹਾਂ ਪਾਕਿਸਤਾਨੀ ਨੌਜਵਾਨਾਂ ਨੇ ਦੱਸਿਆ ਕਿ ਸਿੱਧੂ ਵੱਲੋਂ ਦੋਵਾਂ ਮੁਲਕਾਂ ਵਿਚ ਫੈਲੀ ਨਫ਼ਰਤ ਨੂੰ ਖ਼ਤਮ ਕਰ ਕੇ ਮੁਹੱਬਤ ਫੈਲਾਉਣ ਦੀ ਗੱਲ ਕਰਨ ਦੇ ਕਾਰਨ ਹੀ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਇਮਰਾਨ ਹੈਦਰ ਹੀ ਨਹੀਂ, ਕੁਝ ਹੋਰ ਲੋਕ ਵੀ ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਫ਼ੈਸਲਾਬਾਦ ਅਤੇ ਅਟਕ ਜ਼ਿਲ੍ਹਿਆਂ ਤੋਂ ਆਏ ਹਨ। ਉਹ ਪਹਿਲੀ ਵਾਰ ਕਰਤਾਰਪੁਰ ਸਾਹਿਬ ਆਏ ਹਨ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਨਵਜੋਤ ਸਿੱਧੂ ਆ ਰਹੇ ਹਨ। ਹੁਣ ਉਨ੍ਹਾਂ ਦੋ ਦਿਨ ਹੋਰ ਰੁਕਣ ਦਾ ਪ੍ਰੋਗਰਾਮ ਬਣਾ ਲਿਆ। ਨਵਜੋਤ ਸਿੱਧੂ ਦੇ ਨਾਲ ਸਿੱਖਿਆ ਮੰਤਰੀ ਪਰਗਟ ਸਿੰਘ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਵੀ ਜਾ ਰਹੇ ਹਨ। ਕੋਰੋਨਾ ਕਾਰਨ ਦੋ ਸਾਲ ਤੋਂ ਬੰਦ ਪਏ ਕਰਤਾਰਪੁਰ ਲਾਂਘੇ ਦੇ ਇਕ ਵਾਰ ਫਿਰ ਤੋਂ ਖੁੱਲ੍ਹਣ ’ਤੇ ਜਿੱਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਉੱਥੇ ਹੁਣ ਦੋਵੇਂ ਮੁਲਕਾਂ ਦੇ ਲੋਕਾਂ ਨੇ ਅਟਾਰੀ ਬਾਰਡਰ ਰਾਹੀਂ ਫਿਰ ਤੋਂ ਵਪਾਰ ਦੀ ਮੰਗ ਸ਼ੁਰੂ ਕਰ ਦਿੱਤੀ ਹੈ।
18 ਨਵੰਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪਾਕਿਸਤਾਨੀ ਪੰਜਾਬ ਦੇ ਮੰਤਰੀ, ਵਿਧਾਇਕ ਅਤੇ ਸੰਸਦੀ ਸਕੱਤਰ ਉਨ੍ਹਾਂ ਨੂੰ ਮਿਲੇ ਤਾਂ ਇਨ੍ਹਾਂ ਵਿਚ ਵੀ ਦੋਵਾਂ ਮੁਲਕਾਂ ’ਚ ਵਪਾਰ ਖੋਲ੍ਹਣ ਦੀ ਗੱਲ ’ਤੇ ਅਤੇ ਪਾਕਿਸਤਾਨ ਵਿਚ ਬਣਾਏ ਗਏ ਗੈਸਟ ਕੰਟਰੋਲ ਵਰਗੇ ਮੁੱਦਿਆਂ ’ਤੇ ਗੱਲ ਹੋਈ।
ਇਹੀ ਨਹੀਂ, ਮਹਿੰਗਾਈ ਵੀ ਪਾਕਿਸਤਾਨ ਵਿਚ ਅਹਿਮ ਮੁੱਦਾ ਹੈ। ਸਿਆਲਕੋਟ ਤੋਂ ਆਏ ਬਾਓ ਨੀਮ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿਚ ਪੈਟਰੋਲ 146 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਖੰਡ ਵੀ ਲਗਪਗ ਇਸੇ ਭਾਅ ’ਤੇ ਮਿਲ ਰਹੀ ਹੈ, ਜਿਸਨੇ ਆਮ ਆਦਮੀ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਜਦੋਂ ਭਾਰਤ ਤੋਂ ਗਏ ਜਥੇ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਸੂਬੇ ਵਿਚ ਪੈਟਰੋਲ ਸੌ ਰੁਪਏ ਪਾਰ ਕਰ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿਚ ਆਮ ਲੋਕਾਂ ਦੇ ਹਾਲਾਤ ਇਕੋ ਜਿਹੇ ਹੀ ਹਨ।
