January 30, 2023

Aone Punjabi

Nidar, Nipakh, Nawi Soch

ਸਿੱਧੂ ਦੀ ਘੁਰਕੀ ਦਾ ਅਸਰ, ਏਜੀ ਦਾ ਅਸਤੀਫ਼ਾ ਮਨਜ਼ੂਰ, ਡੀਜੀਪੀ ਦਾ ਬਦਲਿਆ ਜਾਣਾ ਵੀ ਤੈਅ

1 min read

ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਘੁਰਕੀ ਤੋਂ ਬਾਅਦ ਆਖ਼ਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਸਰਕਾਰ ਨੂੰ ਝੁਕਣਾ ਹੀ ਪਿਆ। ਮੁੱਖ ਮੰਤਰੀ ਚੰਨੀ ਨੇ ਐਡਵੋਕੇਟ ਜਰਨਲ ਏਪੀਐੱਸ ਦਿਓਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਏਜੀ ਨੇ ਪਹਿਲੀ ਨਵੰਬਰ ਨੂੰ ਅਸਤੀਫ਼ਾ ਦਿੱਤਾ ਸੀ ਜਿਸ ਨੂੰ ਮੰਗਲਵਾਰ ਨੂੰ ਕੈਬਨਿਟ ਦੀ ਮੀਟਿੰਗ ’ਚ ਮਨਜ਼ੂਰ ਕਰ ਲਿਆ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਹਨ ਕਿ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਵੀ ਬਦਲਿਆ ਜਾ ਸਕਦਾ ਹੈ। ਕੈਬਨਿਟ ਦੀ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਏਜੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਨਵਾਂ ਏਜੀ ਬੁੱਧਵਾਰ ਨੂੰ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਪੈਨਲ ਭੇਜਿਆ ਜਾ ਚੁੱਕਾ ਹੈ। ਨਿਯਮਾਂ ਅਨੁਸਾਰ ਫ਼ੈਸਲਾ ਲਿਆ ਜਾਵੇਗਾ। ਅਹਿਮ ਗੱਲ ਇਹ ਹੈ ਕਿ ਸਰਕਾਰ ਦੇ ਇਸ ਫ਼ੈਸਲੇ ’ਤੇ ਨਵਜੋਤ ਸਿੰਘ ਸਿੱਧੂ ਦੇ ਦਬਾਅ ਦੀ ਪੂਰੀ ਝਲਕ ਨਜ਼ਰ ਆਈ ਕਿਉਂਕਿ ਸੋਮਵਾਰ ਨੂੰ ਸਿੱਧੂ ਨੇ ਕਾਂਗਰਸ ਸਰਕਾਰ ਤੇ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜਾਂ ਤਾਂ ਉਹ ਦੋ ਸਮਝੌਤਾਵਾਦੀ ਅਫਸਰਾਂ ਨੂੰ ਚੁਣ ਲੈਣ ਜਾਂ ਸੂਬਾ ਪ੍ਰਧਾਨ ਨੂੰ। ਸਿੱਧੂ ਦੇ ਰੁਖ ਤੋਂ ਕਾਂਗਰਸ ’ਚ ਇਹ ਕਿਆਸ ਲਾਏ ਜਾ ਰਹੇ ਸਨ ਕਿ ਜੇ ਸਰਕਾਰ ਏਜੀ ਤੇ ਡੀਜੀਪੀ ਨੂੰ ਨਹੀਂ ਹਟਾਉਂਦੀ ਤਾਂ ਉਹ ਪਾਰਟੀ ਛੱਡ ਸਕਦੇ ਹਨ। ਇਸ ਪਿੱਛੋਂ ਸ਼ਾਮ ਵੇਲੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਕਰਵਾਈ ਜਿਸ ਵਿਚ ਮੰਤਰੀ ਪਰਗਟ ਸਿੰਘ ਵੀ ਮੌਜੂਦ ਸਨ। ਮੀਟਿੰਗ ’ਚ ਹੀ ਤੈਅ ਹੋ ਗਿਆ ਸੀ ਕਿ ਸਰਕਾਰ ਏਜੀ ਦਾ ਅਸਤੀਫ਼ਾ ਮਨਜ਼ੂਰ ਕਰ ਲਵੇਗੀ।ਪੰਜਾਬ ਦਾ ਨਵਾਂ ਡੀਜੀਪੀ ਕੌਣ ਹੋਵੇਗਾ ਇਸ ਦਾ ਫ਼ੈਸਲਾ ਯੂਪੀਐੱਸਸੀ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਹੀ ਹੋਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਪੈਨਲ ਯੂਪੀਐੱਸਸੀ ਨੂੰ ਭੇਜਿਆ ਜਾ ਚੁੱਕਾ ਹੈ। ਪੈਨਲ ਬਣਾਉਣ ਪਿੱਛੋਂ ਯੂਪੀਐੱਸਸੀ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇ ਇਕ ਹੋਰ ਸੀਨੀਅਰ ਅਧਿਕਾਰੀ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਨਵੇਂ ਡੀਜੀਪੀ ਦਾ ਨਾਂ ਤੈਅ ਹੋਵੇਗਾ।

Leave a Reply

Your email address will not be published. Required fields are marked *