ਸੁਖਬੀਰ ਬਾਦਲ ਦਾ ਇਕ ਹੋਰ ਚੋਣ ਐਲਾਨ, ਕਿਹਾ- ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਮਿਲੇਗਾ ਨੌਕਰੀਆਂ ’ਚ 30 ਫੀਸਦੀ ਰਖਵਾਂਕਰਨ
1 min read
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਨਰੇਗਾ ਯੋਜਨਾ ਵਿਚ ਕਾਂਗਰਸੀਆਂ ਨੇ ਵੱਡੇ ਘਪਲੇ ਕੀਤੇ ਹਨ। ਸੂਬੇ ’ਚ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣੀ ਤਾਂ ਮਨਰੇਗਾ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ। ਕਾਂਗਰਸ ਦੇ 10 ਹਜ਼ਾਰ ਦੇ ਕਰੀਬ ਸਰਪੰਚ ਜੇਲ੍ਹਾਂ ’ਚ ਸੁੱਟੇ ਜਾਣਗੇ। ਅਕਾਲੀਆਂ ’ਤੇ ਕੇਸ ਦਰਜ ਕਰਨ ਵਾਲੇ ਅਫਸਰ ਸੱਤਾ ’ਚ ਆਉਣ ’ਤੇ ਨੌਕਰੀਆਂ ਗੁਆ ਦੇਣਗੇ। ਉਹ ਇੱਥੇ ਅਕਾਲੀ ਦਲ ਤੇ ਬਸਪਾ ਦੀ ਫ਼ਤਿਹ ਰੈਲੀ ਵਿਚ ਪੁੱਜੇ ਸਨ। ਉਨ੍ਹਾਂ ਨੇ ਵਿਰੋਧੀਆਂ ਨੂੰ ਲਲਕਾਰਿਆ। ਉਨ੍ਹਾਂ ਵਿੱਦਿਅਕ ਢਾਂਚੇ ਬਾਰੇ ਕਿਹਾ ਕਿ ਸਰਕਾਰ ਬਣੀ ਤਾਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਨੌਕਰੀ ਵਿਚ 30 ਫ਼ੀਸਦ ਰਾਖਵਾਂਕਰਨ ਦਿੱਤਾ ਜਾਵੇਗਾ।
ਉਨ੍ਹਾਂ ਨੇ ਸੂਬੇ ਦੇ ਉਦਯੋਗ ਮੰਤਰੀ ਗੁਰਕੀਰਤ ਕੋਟਲੀ ’ਤੇ ਦੋਸ਼ ਲਾਏ ਕਿ ਉਹ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਲਗਾ ਕੇ ਬੈਠੇ ਹਨ। ਖੰਨਾ ’ਚ ਵਿਕਾਸ ਕੰਮਾਂ ’ਚ ਮੋਟੀ ਕਮਿਸ਼ਨ ਖਾਧੀ ਜਾ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕਿ ਜਿਹੜੇ ਐਲਾਨ ਉਹ ਪੰਜਾਬ ਲਈ ਕਰ ਰਹੇ ਹਨ, ਪਹਿਲਾਂ ਦਿੱਲੀ ਵਿਚ ਲਾਗੂ ਕਰਨ।ਸੁਖਬੀਰ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਸਹਾਇਕ ਪ੍ਰੋਫੈਸਰ ਘੁਟਾਲੇ ਵਿਚ ਅਸਤੀਫ਼ਾ ਦੇਣ ਕਿਉਂਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਸਮੇਂ ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਦੱਸਣ ਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਾਸਤੇ ਸਾਰੀ ਪ੍ਰੀਖਿਆ ਸਿਰਫ ਖੋਜ ਸਕਾਲਰਾਂ ਤੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਨੁੰ ਪੰਜ ਅੰਕ ਵੱਧ ਦੇ ਕੇ ਉਨ੍ਹਾਂ ਤਕ ਸੀਮਤ ਕਿਉਂ ਕੀਤੀ ਗਈ? ਜਦਕਿ ਪੇਪਰ ਸੈੱਟ ਕਰਨ ਦੀ ਜ਼ਿੰਮੇਵਾਰੀ ਖੋਜ ਪ੍ਰੀਖਿਆਰਥੀਆਂ ਦੇ ਗਾਈਡਜ਼ ਨੁੰ ਦਿੱਤੀ ਗਈ। ਇਸ ਮੌਕੇ ਜੱਥੇ ਦਵਿੰਦਰ ਸਿੰਘ ਖੱਟੜਾ, ਉਮੀਦਵਾਰ ਜਸਦੀਪ ਕੌਰ ਯਾਦੂ, ਯਾਦਵਿੰਦਰ ਸਿੰਘ ਯਾਦੂ, ਇੰਜੀਨੀਅਰ ਜਗਦੇਵ ਸਿੰਘ ਬੋਪਰਾਏ, ਰਜਿੰਦਰ ਸਿੰਘ ਜੀਤ, ਪੁਸ਼ਕਰਰਾਜ ਸਿੰਘ ਰੂਪਰਾਏ, ਅਨਿਲ ਦੱਤ ਫੱਲੀ, ਜਗਦੀਪ ਸਿੰਘ ਦੀਪੀ, ਮਨਜੋਤ ਸਿੰਘ ਮੋਨੂੰ, ਜਤਿੰਦਰ ਸਿੰਘ ਇਕੋਲਾਹਾ, ਅਮਨਦੀਪ ਸਿੰਘ ਲੇਲ੍ਹ, ਹਰਭਜਨ ਸਿੰਘ ਦੁੱਲਵਾਂ, ਰਣਬੀਰ ਸਿੰਘ ਖੱਟੜਾ ਆਦਿ ਹਾਜ਼ਰ ਸਨ।
