July 5, 2022

Aone Punjabi

Nidar, Nipakh, Nawi Soch

ਸੁਖਬੀਰ ਬਾਦਲ ਨੇ ਖੇਡਿਆ ਪੰਥਕ ਪੱਤਾ, ਕਾਰਜਕਾਰਨੀ ‘ਚ ਸ਼ਾਮਲ ਕੀਤੇ ਕਈ ਟਕਸਾਲੀ

1 min read

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੇ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਬਣਾ ਕੇ ਅਤੇ ਅੰਤ੍ਰਿਗ ਕਮੇਟੀ ‘ਚ ਕਈ ਟਕਸਾਲੀ ਅਕਾਲੀ ਆਗੂਆਂ ਨੂੰ ਕਾਰਜਕਾਰਨੀ ਵਿਚ ਸ਼ਾਮਲ ਕਰਕੇ ਪੰਥਕ ਪੱਤਾ ਖੇਡਿਆ ਹੈ।

ਹਰਜਿੰਦਰ ਸਿੰਘ ਧਾਮੀ, ਕਰਨੈਲ ਸਿੰਘ ਪੰਜੋਲੀ ਅਤੇ ਸੁਰਿੰਦਰ ਸਿੰਘ ਦਾ ਪੰਥਕ ਹਲਕਿਆਂ ਵਿਚ ਚੰਗਾ ਅਸਰ ਰਸੂਖ ਹੈ।ਅਕਤੂਬਰ 2015 ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ, ਬੇਅਦਬੀ, ਬਰਗਾੜੀ ਕਾਂਡ ਵਾਪਰਨ ਨਾਲ ਨਾ ਸਿਰਫ਼ ਅਕਾਲੀ ਦਲ ਦਾ ਪੰਥਕ ਵੋਟ ਬੈਂਕ ਖਿਸਕ ਗਿਆ ਬਲਕਿ ਸਿੱਖ ਹਲਕਿਆਂ ਵਿਚ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਵੱਧ ਗਈ। 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਵਿਰੋਧੀ ਧਿਰ ਦਾ ਅਹੁਦਾ ਤਕ ਨਹੀਂ ਮਿਲ ਸਕਿਆ। ਹੁਣ ਅਕਾਲੀ ਦਲ ਆਗਾਮੀ ਚੋਣਾਂ ਦੇ ਮੱਦੇਨਜ਼ਰ ਫੂਕ-ਫੂਕ ਕੇ ਕਦਮ ਚੁੱਕ ਰਿਹਾ ਹੈ। ਅਕਾਲੀ ਦਲ ਨੇ ਜਿੱਥੇ ਪੰਥਕ ਪੱਤਾ ਖੇਡਿਆ ਹੈ, ਉਥੇ ਪਾਰਟੀ ਦਾ ਕਾਡਰ ਵੋਟ ਜੱਟ ਤੇ ਸ਼ਹਿਰੀ ਸਿੱਖਾਂ ਨੂੰ ਵਧੇਰੇ ਤਵੱਜੋ ਦਿੱਤੀ ਹੈ।ਨਵੇਂ ਬਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪੰਥਕ ਹਲਕਿਆਂ, ਸਿੱਖ ਸੰਪਰਦਾਵਾਂ ਖਾਸ ਕਰਕੇ ਗਰਮ ਖਿਆਲੀਆਂ ਵਿਚ ਚੰਗਾਂ ਅਸਰ ਰਸੂਖ ਹੈ। ਕਾਲੇ ਦੌਰ ਦੌਰਾਨ ਜਦ ਪੁਲਿਸ ਵੱਲੋਂ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਕੇ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਸੀ ਤਾਂ ਧਾਮੀ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਦੇ ਰਹੇ। ਇਸੀ ਤਰ੍ਹਾਂ ਜਨਰਲ ਸਕੱਤਰ ਬਣੇ ਕਰਨੈਲ ਸਿੰਘ ਪੰਜੌਲੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਤਿ ਨਜ਼ਦੀਕੀਆਂ ਵਿਚ ਸ਼ਾਮਲ ਹਨ ਤੇ ਲਗਾਤਾਰ ਪੰਥਕ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਟਿੱਪਣੀ ਕਰਦੇ ਰਹੇ ਹਨ। ਬਰਗਾੜੀ, ਬਹਿਬਲ ਕਲਾਂ, ਕੋਟਕਪੁਰਾ ਕਾਂਡ ਸਮੇਤ ਕਈ ਪੰਥਕ ਮੁੱਦਿਆਂ ’ਤੇ ਪੰਜੋਲੀ ਨੇ ਬੇਬਾਕੀ ਨਾਲ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਲਾਇਆ। ਹਾਲਾਂਕਿ ਬਾਦਲ ਵਿਰੋਧੀਆਂ ਨੇ ਕਈ ਵਾਰ ਪੰਜੋਲੀ ਦੇ ਅਕਾਲੀ ਦਲ ਨਾਲ ਜੁੜੇ ਹੋਣ ’ਤੇ ਉਨ੍ਹਾਂ ਦੀ ਵੀ ਸਖ਼ਤ ਨੁਕਤਾਚੀਨੀ ਕੀਤੀ ਹੈ, ਪਰ ਉਹ ਹਮੇਸ਼ਾ ਅਕਾਲੀ ਹੋਣ ’ਤੇ ਪੰਥਕ ਮੁੱਦਿਆਂ ’ਤੇ ਸਟੈਂਡ ਹੋਣ ਦੀ ਗੱਲ ਕਹਿੰਦੇ ਰਹੇ ਹਨ।

ਪਿ੍ਰੰਸੀਪਲ ਸੁਰਿੰਦਰ ਸਿੰਘ ਦੀ ਸਿੱਖ ਮਿਸ਼ਨਰੀਆਂ ਵਿਚ ਚੰਗਾ ਅਸਰ ਰਸੂਖ ਹੈ ਤੇ ਉਨ੍ਹਾਂ ਨੂੰ ਕਾਫ਼ੀ ਗੁਰਬਾਣੀ ਕੰਠ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੀ ਨਵੀਂ ਬਣੀ ਕਾਰਜਕਾਰਨੀ ਵਿਚ ਜ਼ਿਆਦਾਤਰ ਪੰਥਕ ਆਗੂਆਂ ਨੂੰ ਥਾਂ ਦੇ ਕੇ ਆਪਣਾ ਰਿਵਾਇਤੀ ਵੋਟ ਬੈਂਕ ਨੂੰ ਮੁੜ ਨਾਲ ਜੋੜਨ ਲਈ ਵੱਡਾ ਦਾਅ ਖੇੇਡਿਆ ਹੈ ਕਿਉਂਕਿ ਅਕਾਲੀ ਦਲ ਦਾ ਵੋਟ ਫੀਸਦੀ 37 ਤੋਂ 40 ਫ਼ੀਸਦੀ ਤਕ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਘੱਟ ਕੇ 30 ਫੀਸਦੀ ਤਕ ਰਹਿ ਗਿਆ ਹੈ। ਹੁਣ ਅਕਾਲੀ ਦਲ ਦਾ ਪੂਰਾ ਜ਼ੋਰ ਆਪਣਾ ਵੋਟ ਬੈਂਕ ਵਧਾਉਣ ’ਤੇ ਲੱਗਿਆ ਹੋਇਆ ਹੈ।

Leave a Reply

Your email address will not be published. Required fields are marked *