ਸੇਖੜੀ ਜੇ ਖੰਘੂਰਾ ਮਾਰ ਦੇਣ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਵੇ ਨਵਜੋਤ ਸਿੱਧੂ ਨੇ ਮੁੜ ਦਿੱਤਾ ਵਿਵਾਦਤ
1 min read
ਸਾਬਕਾ ਮੰਤਰੀ ਅਸ਼ਵਨੀ ਸੇਖਡ਼ੀ ਦੀ ਰੈਲੀ ਵਿਚ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਪੁਲਿਸ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਹ ਖਡ਼ੇ੍ਹ ਹਨ ਅਸ਼ਵਨੀ ਸੇਖਡ਼ੀ ਜੇ ਖੰਘੂਰਾ ਮਾਰ ਦੇਣ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਵੇ। ਹਾਲਾਂਕਿ ਬਾਅਦ ਵਿਚ ਸਿੱਧੂ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਮਜ਼ਾਕ ਵਿਚ ਕਹੀ ਹੈ, ਇਸ ਨੂੰ ਤੋਡ਼-ਮਰੋਡ਼ ਕੇ ਜਿਵੇਂ ਮਰਜ਼ੀ ਪੇਸ਼ ਕਰ ਲਵੋ।
ਇਸੇ ਦੌਰਾਨ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਹਾਵੀ ਹੋ ਚੁੱਕੇ ਮਾਫ਼ੀਆ ਗਿਰੋਹਾਂ ਨੂੰ ਭਜਾਵਾਂਗਾ ਅਤੇ ਨਵਾਂ ਪੰਜਾਬ ਮਾਡਲ ਲਿਆਵਾਂਗਾ। ਉਨ੍ਹਾਂ ਮਜੀਠੀਆ ’ਤੇ ਹਮਲੇ ਕਰਦੇ ਕਿਹਾ ਕਿ ‘ਹੁਣ ਉਹ ਪੁਲਿਸ ਦੇ ਡਰੋਂ ਕਿਉਂ ਲੁਕਿਆ ਬੈਠਾ ਹੈ, ਜਦ ਤਕ ਉਸ ਨੂੰ ਪਟੇ ਨਹੀਂ ਮਰਵਾਵਾਂਗਾ, ਚੈਨ ਨਾਲ ਨਹੀਂ ਬੈਠਾਂਗਾ।’ ਉਨ੍ਹਾਂ ਕੇਜਰੀਵਾਲ ’ਤੇ ਤਨਜ਼ ਕੱਸਦਿਆਂ ਕਿਹਾ ਕਿ ‘ਉਹ ਇਕ ਨੰਬਰ ਦਾ ਝੂਠਾ ਬੰਦਾ ਹੈ ਜੋ ਦਿੱਲੀ ਦੇ ਲੋਕਾਂ ਵੱਲੋਂ ਨਕਾਰਿਆ ਗਿਆ ਹੈ। ਦਿੱਲੀ ’ਚ ਕੇਜਰੀਵਾਲ ਦੀ ਸਰਕਾਰ ਹੁੰਦਿਆਂ ਵੀ ਹਜ਼ਾਰਾਂ ਅਧਿਆਪਕ ਸਡ਼ਕਾਂ ’ਤੇ ਸੰਘਰਸ਼ ਕਰ ਰਹੇ ਹਨ ਤੇ ਪੰਜਾਬ ’ਚ ਕੇਜਰੀਵਾਲ ਕਿਵੇਂ ਅਧਿਆਪਕਾਂ ਦੀ ਸਾਰ ਲਵੇਗਾ।’
ਸਿੱਧੂ ਨੇ ਕਿਹਾ ਕਿ ਬਟਾਲੇ ’ਚ ਪੈਰਾਸ਼ੂਟ ਰਾਹੀਂ ਉਮੀਦਵਾਰ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਸੇਖਡ਼ੀ ਹੀ ਇਥੋਂ ਚੋਣ ਲਡ਼ੇਗਾ। ਉਨ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਵੀ ਰਗਡ਼ੇ ਲਾਉਂਦਿਆਂ ਕਿਹਾ ਕਿ ਜਿਹਡ਼ਾ ਵਿਧਾਇਕ ਜਿਥੋਂ ਚੋਣ ਜਿੱਤਿਆ ਹੈ, ਉਥੋਂ ਹੀ ਦੁਬਾਰਾ ਚੋਣ ਲਡ਼ੇਗਾ। ਉਨ੍ਹਾਂ ਆਪਣੀ ਹੀ ਸਰਕਾਰ ਨੂੰ ਰਗਡ਼ੇ ਲਾਉਂਦਿਆਂ ਕਿਹਾ ਕਿ ਐਲਾਨਾਂ ਦੀ ਬਜਾਏ ਠੋਸ ਨੀਤੀ ਲਾਗੂ ਕੀਤੀ ਜਾਵੇ, ਜਿਸ ਨਾਲ ਪੰਜਾਬ ਸਿਰ ਚਡ਼੍ਹਿਆ ਕਰਜ਼ਾ ਲਾਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਹਿਕਾਰੀ ਨੀਤੀ ਨੂੰ ਲਾਗੂ ਕਰਨ ਦੀ ਲੋਡ਼ ਹੈ। ‘ਨਵਾਂ ਪੰਜਾਬ ਮਾਡਲ’ ਤਹਿਤ ਪੂਰੇ ਪੰਜਾਬ ’ਚ ਕੋਲਡ ਸਟੋਰ ਬਣਾਏ ਜਾਣਗੇ ਜਿੱਥੇ ਕਿਸਾਨਾਂ ਦੀ ਫ਼ਸਲ ਨੂੰ ਸਟੋਰ ਕੀਤਾ ਜਾਵੇਗਾ ਅਤੇ ਬਾਅਦ ’ਚ ਸਹਿਕਾਰੀ ਨੀਤੀ ਅਨੁਸਾਰ ਵੇਚਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ।
ਸਿੱਧੂ ਨੇ ਕਿਹਾ ਕਿ ਨਵੇਂ ਪੰਜਾਬ ਦੀ ਸਿਰਜਣਾ ਲਈ ਆਪਣੇ ਹੱਕਾਂ ਲਈ ਜਾਗੋ ਅਤੇ ਪੰਜਾਬ ਦੀ ਗੱਲ ਕਰਨ ਵਾਲੇ ਅੱਗੇ ਲਿਆਓ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪੈਸਿਆਂ ਅਤੇ ਸ਼ਰਾਬ ਖ਼ਾਤਰ ਨਾ ਵਿਕ ਜਾਇਓ, ਠੋਸ ਤੇ ਯੋਗ ਆਗੂ ਨੂੰ ਹੀ ਚੁਣਿਓ। ਬਟਾਲੇ ਦੀ ਮਰ ਚੁੱਕੀ ਸਨਅਤ ਨੂੰ ਮੁਡ਼ ਸੁਰਜੀਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਸੇਖਡ਼ੀ ਨੇ ਕਿਹਾ ਕਿ ਉਹ ਪਿਛਲੇ 37 ਸਾਲਾਂ ਤੋਂ ਬਟਾਲੇ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਕੁਝ ਤਾਲਿਬਾਨੀ ਸੋਚ ਵਾਲੇ ਲੋਕ ਬਟਾਲੇ ਦੇ ਵਿਕਾਸ ’ਚ ਅਡ਼ਿੱਕਾ ਬਣ ਰਹੇ ਹਨ। ਰੈਲੀ ’ਚ ਅਭਿਨਵ ਸੇਖਡ਼ੀ, ਸਵਰਨ ਮੁੱਢ, ਬਲਦੇਵ ਸਿੰਘ, ਕੌਂਸਲਰ ਨਵੀਨ ਸੇਖਡ਼ੀ, ਕੌਂਸਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ, ਵਰਿੰਦਰ ਵਰਮਾ, ਕੌਂਸਲਰ ਅੰਜੂ ਸੇਖਡ਼ੀ, ਸਵਿੰਦਰ ਸਿੰਘ ਭਾਗੋਵਾਲੀਆ, ਸਰਬਜੀਤ ਸਿੰਘ ਕਲਸੀ, ਹਰਮਿੰਦਰ ਸੈਂਡੀ, ਡਾ. ਸੁਖਜਿੰਦਰ ਸਿੰਘ ਸੰਧੂ ਆਦਿ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਰੈਲੀ ’ਚ ਨਹੀਂ ਪੁੱਜਾ ਕੋਈ ਕੈਬਨਿਟ ਮੰਤਰੀ
ਰੈਲੀ ਭਾਵੇਂ ਸਿੱਧੂ ਦੇ ਆਉਣ ਨਾਲ ਸਫ਼ਲ ਰਹੀ ਹੈ ਪਰ ਰੈਲੀ ’ਚ ਹੋਰ ਕੋਈ ਦਿੱਗਜ ਆਗੂ ਜਾਂ ਕੈਬਨਿਟ ਮੰਤਰੀ ਦੇ ਨਾ ਆਉਣ ਕਾਰਨ ਚਰਚਾ ਦਾ ਵਿਸ਼ਾ ਰਹੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਅਰੁਣਾ ਚੌਧਰੀ, ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਆਦਿ ਦੇ ਗੈਰ-ਹਾਜ਼ਰ ਰਹਿਣ ਕਾਰਨ ਚਰਚਾਵਾਂ ਹੁੰਦੀਆਂ ਰੀਆਂ। ਇਸ ਤੋਂ ਇਲਾਵਾ ਬਟਾਲਾ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ’ਚੋਂ ਸਿਰਫ 4-5 ਕੌਂਸਲਰ ਹੀ ਸ਼ਾਮਲ ਹੋਏ।
