ਸੰਜੀਵ ਸ਼ਰਮਾ ਬਿੱਟੂ ਮੁੜ ਮੇਅਰ ਦੀ ਕੁਰਸੀ ’ਤੇ ਬੈਠੇ, ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਕਿਹਾ-ਫੈਸਲਾ ਆਉਣ ਤਕ ਰਹਾਂਗਾ ਮੇਅਰ
1 min read
: 25 ਨਵੰਬਰ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੌਰਾਨ ਹੋਏ ਹੰਗਾਮੇ ਪਿੱਛੋਂ ਮੁਅੱਤਲ ਕੀਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਮੰਗਲਵਾਰ ਨੂੰ ਮੁੜ ਆਪਣੀ ਕੁਰਸੀ ’ਤੇ ਬੈਠ ਗਏ ਤੇ ਆਉਂਦੇ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ। ਸੰਜੀਵ ਸ਼ਰਮਾ ਦੀ ਨਿਗਮ ਦਫਤਰ ਵਿਚ ਆਮਦ ਨੂੰ ਲੈ ਕੇ ਵਿਰੋਧੀ ਧਿਰ ਹੱਕੀ ਬੱਕੀ ਰਹਿ ਗਈ, ਜਿਸ ’ਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਰੋਜ਼ਾਨਾ ਦੀ ਤਰ੍ਹਾਂ ਕੰਮ ਕਰਦਿਆਂ ਬਿੱਟੂ ਨੇ ਵਿਭਾਗੀ ਅਧਿਕਾਰੀਆਂ ਤੋਂ ਡੇਅਰੀ ਸ਼ਿਫਟਿੰਗ ਬਾਰੇ ਤਾਜ਼ਾ ਜਾਣਕਾਰੀ ਲੈ ਕੇ ਮੁੱਖ ਮੰਤਰੀ ਨੂੰ ਡੇਅਰੀ ਸ਼ਿਫਟਿੰਗ ਸਬੰਧੀ ਪੱਤਰ ਭੇਜਿਆ। ਇਸ ਦੇ ਨਾਲ ਹੀ ਮੇਅਰ ਨੇ ਸੈਨੇਟਰੀ ਇੰਸਪੈਕਟਰਾਂ ਤੇ ਸੈਨੀਟੇਸ਼ਨ ਸਿਪਾਹੀਆਂ ਦਾ ਧੰਨਵਾਦ ਕੀਤਾ। ਸ਼ਹਿਰ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਨਗਰ ਨਿਗਮ ਦੇ ਮੇਅਰ ਦੇ ਦਫ਼ਤਰ ਵਿੱਚ ਪਹੁੰਚ ਕੇ ਸਨਮਾਨ ਕੀਤਾ ਹੈ। ਕਾਬਿਲੇ ਜ਼ਿਕਰ ਹੈ ਕਿ ਪਹਿਲਾਂ ਵੀ ਮੇਅਰ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਮਿਲ ਕੇ ਮੁੱਖ ਮੰਤਰੀ ਨੂੰ ਡੇਅਰੀ ਸ਼ਿਫਟ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਸੀ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਜਾ ਸਕਿਆ।

ਫੈਸਲਾ ਆਉਣ ਤਕ ਰਹਾਂਗਾ ਮੇਅਰ : ਸੰਜੀਵ ਸ਼ਰਮਾ ਬਿੱਟੂ
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੇਅਰ ਨੇ ਕਿਹਾ ਕਿ ਉਹ ਉਦੋਂ ਤਕ ਮੇਅਰ ਬਣੇ ਰਹਿਣਗੇ ਜਦੋਂ ਤਕ ਨਿਗਮ ਵੱਲੋਂ ਭੇਜੀ ਗਈ ਕਾਰਵਾਈ ’ਤੇ ਉਨ੍ਹਾਂ ਵਿਰੁੱਧ ਕੋਈ ਫੈਸਲਾ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਨਿਗਮ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਸਰਕਾਰੀ ਕਾਰ ਸਬੰਧੀ 26 ਨਵੰਬਰ ਨੂੰ ਜਾਰੀ ਕੀਤੇ ਹੁਕਮਾਂ ਨੂੰ 29 ਨਵੰਬਰ ਨੂੰ ਵਾਪਸ ਲੈ ਲਿਆ ਗਿਆ ਹੈ। ਸੰਜੀਵ ਸ਼ਰਮਾ ਨੇ ਕਿਹਾ ਕਿ ਨਿਗਮ ਵੱਲੋਂ ਲੋਕਲ ਬਾਡੀ ਨੂੰ ਭੇਜੀ ਗਈ ਕਾਰਵਾਈ ਤਕਨੀਕੀ ਤੌਰ ’ਤੇ ਸਹੀ ਨਹੀਂ ਹੈ, ਜਿਸ ਕਰ ਕੇ ਉਨ੍ਹਾਂ ਇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ ਅਤੇ ਸੁਣਵਾਈ ਇਕ ਦਸੰਬਰ ਨੂੰ ਹੋਣੀ ਹੈ। ਮੇਅਰ ਮੁਤਾਬਕ ਹਾਈਕੋਰਟ ਵਿਚ ਫੈਸਲਾ ਭਾਵੇਂ ਕੋਈ ਵੀ ਹੋਵੇ ਪਰ ਉਹ ਸੱਚਾਈ ਸਭ ਦੇ ਸਾਹਮਣੇ ਲੈ ਕੇ ਆਏ ਹਨ। ਬਿੱਟੂ ਨੇ ਕਿਹਾ ਕਿ 25 ਨਵੰਬਰ ਨੂੰ ਜਨਰਲ ਹਾਊਸ ਦੀ ਮੀਟਿੰਗ ਤੋਂ ਠੀਕ ਪਹਿਲਾਂ ਨਗਰ ਨਿਗਮ ਵਿਚ ਜਿਸ ਤਰ੍ਹਾਂ ਕੌਂਸਲਰਾਂ ਨੂੰ ਅਗਵਾ ਕਰ ਲਿਆ ਗਿਆ, ਉਸ ਨੇ ਵਿਰੋਧੀ ਧਿਰ ਦੇ ਡਰ ਦਾ ਪਰਦਾਫਾਸ਼ ਕੀਤਾ ਹੈ। ਇਸ ਮੌਕੇ ਮੇਅਰ ਦੇ ਨਾਲ ਕੌਂਸਲਰ ਅਤੁਲ ਜੋਸ਼ੀ, ਅਸ਼ਵਨੀ ਕੁਮਾਰ ਮਿੱਕੀ, ਗਿੰਨੀ ਨਾਗਪਾਲ, ਸੰਦੀਪ ਮਲਹੋਤਰਾ, ਸੰਜੇ ਸ਼ਰਮਾ, ਨੱਥੂ ਰਾਮ, ਨਿਖਿਲ ਬਾਤਿਸ਼ ਸ਼ੇਰੂ, ਹਰੀਸ਼ ਕਪੂਰ, ਰਜਿੰਦਰ ਸ਼ਰਮਾ ਮੁੱਖ ਤੌਰ ’ਤੇ ਹਾਜ਼ਰ ਸਨ।
ਲੋੜ ਪਈ ਤਾਂ ਜਨਰਲ ਹਾਊਸ ਬੁਲਾਵਾਂਗਾ : ਯੋਗੀ
ਜਨਰਲ ਹਾਊਸ ਦੌਰਾਨ ਕਾਰਜਕਾਰੀ ਮੇਅਰ ਐਲਾਨੇ ਗਏ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਸੰਜੀਵ ਸ਼ਰਮਾ ਬਿੱਟੂ ਜਦੋਂ ਬਹੁਮਤ ਸਾਬਤ ਨਹੀਂ ਕਰ ਸਕੇ ਤਾਂ ਕੁਰਸੀ ’ਤੇ ਆ ਕੇ ਬੈਠਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਹਾਊਸ ਨੇ ਕਾਰਜਕਾਰੀ ਮੇਅਰ ਦੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਸ਼ਕਤੀਆਂ ਵੀ ਦਿੱਤੀਆਂ ਹਨ। ਜੇ ਲੋੜ ਪਈ ਤਾਂ ਜਨਰਲ ਹਾਊਸ ਬੁਲਾਵਾਂਗਾ। ਜਨਰਲ ਹਾਊਸ ਦਾ ਫੈਸਲਾ ਸਭ ਲਈ ਮੰਨਣਯੋਗ ਹੈ ਤੇ ਸੰਜੀਵ ਸ਼ਰਮਾ ਨੂੰ ਇਸ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ