ਸੰਸਦੀ ਕਮੇਟੀ ਵੱਲੋਂ ਸਕੂਲੀ ਪਾਠਕ੍ਰਮ ‘ਚ ਸਿੱਖ ਤੇ ਮਰਾਠਾ ਇਤਿਹਾਸ ਨੂੰ ਹੋਰ ਵਿਸਥਾਰ ਨਾਲ ਜੋੜਨ ਦੀ ਸਿਫਾਰਸ਼
1 min read
ਇੱਕ ਸੰਸਦੀ ਕਮੇਟੀ (Parliamentary Committee) ਨੇ ਸਿਫਾਰਿਸ਼ ਕੀਤੀ ਹੈ ਕਿ ਸਕੂਲੀ ਪਾਠਕ੍ਰਮ ਨੂੰ ‘ਪੱਖਪਾਤ ਤੋਂ ਮੁਕਤ’ (Free From Biases) ਬਣਾਇਆ ਜਾਣਾ ਚਾਹੀਦਾ ਹੈ। ਦਰਅਸਲ, ਭਾਜਪਾ ਸੰਸਦ ਵਿਨੇ ਸਹਸ੍ਰਬੁੱਧੇ (Vinaya Sahasrabuddhe) ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਸਿਫ਼ਾਰਿਸ਼ ਕੀਤੀ ਹੈ ਕਿ ਸਕੂਲੀ ਕਿਤਾਬਾਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਜ਼ਿਕਰ ਦੀ ਸਮੀਖਿਆ ਕੀਤੇ ਜਾਣ ਦੀ ਜ਼ਰੂਰਤ ਹੈ।
ਨਾਲ ਹੀ ਇਸ ਕਮੇਟੀ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਕੂਲੀ ਪਾਠਕ੍ਰਮ ਵਿੱਚ ਵੇਦਾਂ ਦੇ ਪੁਰਾਤਨ ਗਿਆਨ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਕਮੇਟੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਪਾਠਕ੍ਰਮ ਵਿੱਚ ਸਿੱਖ ਅਤੇ ਮਰਾਠਾ ਇਤਿਹਾਸ (Sikh-Maratha History) ਦੇ ਹਿੱਸੇ ਨੂੰ ਹੋਰ ਵਿਸਥਾਰ ਨਾਲ ਜੋੜਨ ਦੀ ਲੋੜ ਹੈ। ਮੰਗਲਵਾਰ ਨੂੰ ਰਾਜ ਸਭਾ ‘ਚ ਰੱਖੀ ਗਈ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੋਟੀ ਦੇ ਇਤਿਹਾਸਕਾਰਾਂ ਦੀ ਨਿਗਰਾਨੀ ‘ਚ ਇਸ ਗੱਲ ਦੀ ਸਮੀਖਿਆ ਕਰਨ ਦੀ ਲੋੜ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਨੂੰ ਸਿਲੇਬਸ ‘ਚ ਕਿੰਨੀ ਜਗ੍ਹਾ ਮਿਲੀ ਹੈ।
ਇਸ ਨਾਲ ਬੱਚਿਆਂ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦਾ ਵਧੇਰੇ ਤਰਕਸ਼ੀਲ ਅਤੇ ਨਿਆਂਪੂਰਨ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾ ਸਕੇਗਾ। ਇਸ ਸਮੀਖਿਆ ਨਾਲ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਵੀ ਇਤਿਹਾਸ ਵਿੱਚ ਥਾਂ ਮਿਲੇਗੀ ਜਿਨ੍ਹਾਂ ਦੇ ਨਾਂ ਹੁਣ ਤੱਕ ਗੁੰਮਨਾਮ ਹੀ ਰਹੇ ਹਨ।
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਇਸ ਤੋਂ ਇਲਾਵਾ ਸੰਸਦੀ ਰਿਪੋਰਟ ਵਿੱਚ ਕਿਹਾ ਗਿਆ ਹੈ- ਭਾਈਚਾਰੇ ਦੇ ਇਤਿਹਾਸ ਦੇ ਵਰਣਨ ਦੀ ਵੀ ਸਮੀਖਿਆ ਕਰਨ ਦੀ ਜ਼ਰੂਰਤ ਹੈ। ਜਿਵੇਂ ਸਿੱਖ ਅਤੇ ਮਰਾਠਾ ਇਤਿਹਾਸ। ਇਸ ਤੋਂ ਇਲਾਵਾ ਹੋਰ ਭਾਈਚਾਰਕ ਇਤਿਹਾਸ ਨੂੰ ਵੀ ਵਧੇਰੇ ਵਿਸਥਾਰ ਨਾਲ ਸ਼ਾਮਲ ਕਰਨ ਦੀ ਲੋੜ ਹੈ। ਤਾਂ ਜੋ ਉਨ੍ਹਾਂ ਦਾ ਯੋਗਦਾਨ ਵੀ ਬਰਾਬਰਤਾ ਨਾਲ ਦਿਖਾਇਆ ਜਾ ਸਕੇ।
ਇਹ ਸੰਸਦ ਮੈਂਬਰ ਕਮੇਟੀ ਦੇ ਮੈਂਬਰ ਹਨ
ਇਸ ਕਮੇਟੀ ਵਿੱਚ 10 ਰਾਜ ਸਭਾ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 4 ਭਾਜਪਾ ਦੇ ਸਨ। ਇਸ ਤੋਂ ਇਲਾਵਾ ਤ੍ਰਿਣਮੂਲ (ਸੁਸ਼ਮਿਤਾ ਦੇਬ), ਸੀਪੀਐਮ (ਵਿਕਾਸ ਰੰਜਨ ਭੱਟਾਚਾਰੀਆ), ਡੀਐਮਕੇ ਤੋਂ ਆਰਐਸ ਭਾਰਤੀ, ਏਆਈਏਡੀਐਮਕੇ ਤੋਂ ਐਮ ਥੰਬੀਦੁਰਾਈ, ਸਮਾਜਵਾਦੀ ਪਾਰਟੀ ਤੋਂ ਵਿਸ਼ਵੰਭਰ ਨਿਸ਼ਾਦ ਅਤੇ ਕਾਂਗਰਸ ਤੋਂ ਅਖਿਲੇਸ਼ ਪ੍ਰਤਾਪ ਸਿੰਘ ਸ਼ਾਮਲ ਸਨ।
ਇਸ ਦੇ ਨਾਲ ਹੀ ਕਮੇਟੀ ਦੇ 21 ਲੋਕ ਸਭਾ ਮੈਂਬਰਾਂ ਵਿੱਚੋਂ 12 ਭਾਜਪਾ ਦੇ ਹਨ। ਦੋ ਕਾਂਗਰਸ ਅਤੇ ਤ੍ਰਿਣਮੂਲ, ਸੀਪੀਐਮ, ਜੇਡੀਯੂ, ਸ਼ਿਵ ਸੈਨਾ, ਵਾਈਐਸਆਰ ਕਾਂਗਰਸ, ਡੀਐਮਕੇ ਅਤੇ ਭਾਜਪਾ ਤੋਂ ਇੱਕ-ਇੱਕ ਸੰਸਦ ਮੈਂਬਰ ਹਨ।