ਹਾਰੇ
1 min read
ਪੰਜਾਬੀ ਆਪਣੇ ਖੁੱਲੇ ਵਿਚਾਰਾਂ ਤੇ ਵਿਵਹਾਰਾਂ ਲਈ ਜਾਣੇ ਜਾਂਦੇ ਹਨ। ਸਿਰਲੇਖ ਪੜ੍ਹ ਕੇ ਤੁਹਾਨੂੰ ਲਗਾ ਹੋਵੇਗਾ ਕਿ ਹਾਰ ਅਤੇ ਪੰਜਾਬੀਆਂ ਦਾ ਭਲਾਂ ਕੀ ਸੰਬੰਧ ਹੋਇਆ? ਪਰ ਇਥੇ ਗੱਲ ਉਸ ਹਾਰ ਦੀ ਨਹੀਂ ਹੋ ਰਹੀ। ਇਥੇ ਅਸੀਂ ਪੰਜਾਬੀ ਸੱਭਿਆਚਾਰ ਦੇ ਅਨਿਖੜਵੇਂ ਅੰਗ ਰਹਿ ਚੁੱਕੇ ‘ਹਾਰੇ’ ਦੀ ਗੱਲ ਛੇੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਦਹਾਕੇ ਪਿੱਛੇ ਜਾ ਕੇ ਦੇਖੋ ਤੇ ਸਭ ਨੂੰ ‘ਹਾਰਾ’ ਕੀ ਹੁੰਦਾ ਹੈ ਤੇ ਇਸ ਦੇ ਕੀ ਫਾਇਦੇ ਨੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਸੀ। ਲੇਖਕ ਕਿਰਪਾਲ ਕਜ਼ਾਕ ਅਨੁਸਾਰ ਹਾਰਾ, ਕਾੜ੍ਹਨੀ ਥੱਲੇ੍ਹ ਪਾਥੀਆਂ ਦੇ ਮੱਠੇ ਸੇਕ ਵਾਲੀ ਅੱਗ ਬਾਲ ਕੇ ਦੁੱਧ ਕਾੜ੍ਹਨ ਹਿਤ ਕੰਧਾਂ ਵਿੱਚ ਝਰੌਖੇ ਰੱਖ ਕੇ ਬਣਾਇਆ ਭੜੋਲੀ ਜਿਹਾ ਵੱਡਾ ਆਲਾ ਹੁੰਦਾ ਹੈ। ਅੱਜ ਕੱਲ ‘ਹਾਰੇ’ ਲੋਪ ਹੁੰਦੇ ਨਜ਼ਰ ਆ ਰਹੇ ਨੇ।
ਕਿਸੇ ਸਮੇਂ ਰਸੋਈ ਦਾ ਇਹ ਤਾਜ਼ ਹੁਣ ਅਲੋਪੇ ਹੁੰਦਾ ਨਜ਼ਰ ਆ ਰਿਹਾ ਹੈ। ਹਾਰੇ ਵਿੱਚ ਦੁੱਧ, ਦਾਲ ਰਿੰਨੀ ਜਾਂਦੀ ਸੀ। ਦੱਸਣਯੋਗ ਹੈ ਕਿ ਹਾਰੇ ਵਿੱਚ ਰਿੰਨੀ ਦਾਲ ਜਾਂ ਦੁੱਧ ਦੇ ਬਹੁਤ ਫਾਇਦੇ ਹੁੰਦੇ ਹਨ। ਦੇਰ ਲਗਾ ਕੇ ਪੱਕੇ ਹੋਏ ਭੋਜਨ ਦਾ ਹਲਕਾ ਹੋਣ ਕਾਰਨ ਸ਼ਰੀਰ ਤੰਦਰੁਸਤ ਰਹਿੰਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਸ਼ਰੀਰਕ ਤੇ ਮਾਨਸਿਕ ਪੱਖੋਂ ਕਾਫੀ ਸਵੱਸਥ ਰਹਿੰਦੇ ਸੀ। ਚੰਗਾ ਭੋਜਨ ਤੇ ਜ਼ੋਰ ਵਾਲਾ ਕੰਮ ਵੀ ਬਹੁਤ ਲਾਹੇਵੰਦ ਸਾਬਿਤ ਹੁੰਦੇ ਸੀ। ਅਸੀਂ ਪੁਰਾਣੇ ਸਮਿਆਂ ਦੀ ਸਾਦਗੀ ਤੋਂ ਦੂਰ ਹੋਕੇ ਆਪਣੇ ਲਈ ਨਵੀਆਂ ਅਲਾਮਤਾ ਨੂੰ ਸੱਦਾ ਜ਼ਰੂਰ ਦਿੱਤਾ ਹੈ। ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਤਕਨਾਲੋਜੀ ਨੇ ਸਾਨੂੰ ਤੇ ਸਾਡੀ ਜ਼ਿੰਦਗੀ ਨੂੰ ਬਹੁਤ ਸੁਖਾਵੇਂ ਬਣਾਇਆ ਹੈ ਪਰ ਚੰਗੇ ਰਿਤੀ ਰਿਵਾਜ਼ਾਂ ਤੋਂ ਦੂਰ ਹੋ ਜਾਣਾ ਕਿੰਨੀ ਸਮਝਦਾਰੀ ਦਾ ਕੰਮ ਹੈ ਇਹ ਤੁਸੀਂ ਖੁਦ ਤਹਿ ਕਰੋ।

Informative article. Keep it up