ਕਬਾੜੀਆਂ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਨੂੰ ਪਾਈ ਜਾਵੇ ਠੱਲ੍ਹ : ਆਸ਼ੂ
1 min read

ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੱਚਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਬਾੜੀਆਂ ਵੱਲੋੋਂ ਵੱਖ ਵੱਖ ਢੰਗਾਂ ਨਾਲ ਪ੍ਰਦੂਸ਼ਣ ਫੈਲਾਉਣ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਸਬੰਧੀ ਕਾਰਜ ਸਾਧਕ ਅਫ਼ਸਰਾਂ ਵੱਲੋਂ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤੇ ਟਾਇਰ ਫੂਕਣ ਸਬੰਧੀ ਜੁਰਮਾਨਾ ਕੀਤਾ ਜਾਵੇ।ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੀ ਨਿਰਦੇਸ਼ ਦਿੱਤੇ ਕਿ ਮੋਬਾਈਲ ਟੀਮਾਂ ਬਣਾ ਕੇ ਇਸ ਸਬੰਧੀ ਪੂਰੀ ਨਿਗਰਾਨੀ ਕੀਤੀ ਜਾਵੇ। ਗੈਰਕਾਨੂੰਨੀ ਢੰਗ ਨਾਲ ਬੈਠੇ ਕਬਾੜੀਆਂ ਖ਼ਿਲਾਫ਼ ਵੀ ਢੁੱਕਵੀਂ ਕਾਰਵਾਈ ਕੀਤੀ ਜਾਵੇ।
ਕੈਬਨਿਟ ਮੰਤਰੀ ਸ਼੍ਰੀ ਆਸ਼ੂ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਸਰਕਾਰੀ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਹਨ, ਉਨ੍ਹਾਂ ਸਬੰਧੀ ਕਮੇਟੀਆਂ ਬਣਾ ਕੇ ਨਾਜਾਇਜ਼ ਕਬਜ਼ੇ ਹਟਾਏ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨੇ ਦੀ ਵਾਢੀ ਉਪਰੰਤ ਲਿੰਕ ਸੜਕਾਂ ਦੇ ਬਰਮ ਪੂਰੇ ਕੀਤੇ ਜਾਣ। ਸ਼੍ਰੀ ਆਸ਼ੂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜਿਹੜੇ ਜਿਹੜੇ ਘਰਾਂ ਵਿੱਚ ਹਾਲੇ ਵੀ ਪਖਾਨੇ ਬਨਣੋਂ ਰਹਿੰਦੇ ਹਨ, ਉਨ੍ਹਾਂ ਵਿੱਚ ਫ਼ੌਰੀ ਪਖ਼ਾਨੇ ਬਣਾਏ ਜਾਣ। ਇਸ ਮੌਕੇ ਉਨ੍ਹਾਂ ਨੇ ਤਰਖਾਣ ਮਾਜਰਾ-ਭਾਦਸੋਂ ਰੋਡ ਉਤੇ ਪੁੱਲ ਬਣਨ ਕਾਰਨ ਕਿਸਾਨਾਂ ਲਈ ਖੇਤਾਂ ਵਾਲਾ ਰਸਤਾ ਬੰਦ ਹੋਣ ਦੀ ਸਮੱਸਿਆ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨ ਐਕੁਆਇਰ ਕਰ ਕੇ ਰਸਤਾ ਬਨਾਉਣ ਦੇ ਨਿਰਦੇਸ਼ ਦਿੱਤੇ।
ਸ੍ਰੀ ਆਸ਼ੂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਜ਼ਿਲ੍ਹੇ ਵਿਚਲੀਆਂ ਜਿਹੜੀਆਂ ਸੜਕਾਂ ਦੀ ਮੁਰੰਮਤ ਹੋਣ ਵਾਲੀ ਹੈ, ਉਹ 15 ਦਿਨਾਂ ਵਿੱਚ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਨਵੇਂ ਟਰਾਂਸਫਾਰਮਰ ਰੱਖੇ ਗਏ ਹਨ ਤੇ ਇਹ ਕੰਮ ਜੰਗੀ ਪੱਧਰ ਉਤੇ ਜਾਰੀ ਵੀ ਹੈ। ਕੈਬਨਿਟ ਮੰਤਰੀ ਨੇ ਇਹ ਕਾਰਜ ਛੇਤੀ ਤੋਂ ਛੇਤੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।