ਕੋਈ ਵੀ ਸਿਆਸੀ ਪਾਰਟੀ ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਬਾਹਰ ਜਾ ਕੇ ਚੋਣ ਰੈਲੀਆਂ ਤੇ ਪ੍ਰਚਾਰ ਕਰੇਗੀ ਤਾਂ ਉਸਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਸਮਝਿਆ ਜਾਵੇਗਾ- ਸੂਬਾ ਪ੍ਰਧਾਨ ਡੱਲੇਵਾਲ
1 min read

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਬਾਹਰ ਜਾ ਕੇ ਚੋਣ ਰੈਲੀਆਂ ਤੇ ਪ੍ਰਚਾਰ ਕਰੇਗੀ ਤਾਂ ਉਸਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਸਮਝਿਆ ਜਾਵੇਗਾ। ਇਸ ਲਈ ਜਦੋਂ ਤੱਕ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਨਹੀਂ ਕਰ ਦਿੰਦਾ ਉਨ੍ਹਾਂ ਸਮਾਂ ਕੋਈ ਵੀ ਸਿਆਸੀ ਪਾਰਟੀ ਆਪਣਾ ਚੋਣ ਪ੍ਰਚਾਰ ਨਾ ਕਰੇ। ਜਗਜੀਤ ਸਿੰਘ ਡੱਲੇਵਾਲ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਖਿਲਾਫ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਜਰੂਰਤ ਹੈ ਜਿਸ ਨੂੰ ਲੈ ਕੇ ਅੱਜ ਮੀਟਿੰਗ ਵਿਚ ਫ਼ਤਹਿਗੜ੍ਹ ਸਾਹਿਬ ਦੀ ਨਵੀਂ ਯੂਥ ਟੀਮ ਦਾ ਗਠਨ ਕਰਦੇ ਹੋਏ ਗੁਰਜਿੰਦਰ ਸਿੰਘ ਨੂੰ ਜਿ਼ਲਾ ਕਨਵੀਨਰ ਲਗਾਇਆ ਗਿਆ ਜਿਸ ਨਾਲ 11 ਹੋਰ ਨੌਜਵਾਨਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੁੰਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਇਹ ਲੜਾਈ ਉਨ੍ਹਾਂ ਦੇ ਭਵਿੱਖ ਨੂੰ ਬਚਾਉਣ ਲਈ ਹੀ ਲੜੀ ਜਾ ਰਹੀ ਹੈ। ਜੇਕਰ ਆਪਣੀ ਨਸਲ ਤੇ ਫਸਲ ਬਚਾਉਣੀ ਹੈ ਤਾਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ।