July 5, 2022

Aone Punjabi

Nidar, Nipakh, Nawi Soch

ਜਪੁ ਜੀ ਸਾਹਿਬ

1 min read

ਜਪੁ ਜੀ ਸਾਹਿਬ ਬਾਣੀ ਦਾ ਸਿੱਖ ਧਰਮ ਦਰਸ਼ਨ ’ਚ ਕੇਂਦਰੀ ਸਥਾਨ ਹੈ। ਸਿੱਖ ਧਰਮ ਅੰਦਰ ਜਪੁ ਜੀ ਸਾਹਿਬ ਬਾਣੀ ਨੂੰ ਮਨੁੱਖੀ ਜੀਵਨ ਦਾ ਸਰਵੋਤਮ ਗਿਆਨ ਦਾ ਸੋਮਾ ਮੰਨਿਆ ਜਾਂਦਾ ਹੈ। ਇਸ ਬਾਣੀ ’ਚ ਮਨੁੱਖੀ ਜੀਵਨ ਦੇ ਮੰਤਵ ਤੇ ਇਸ ਦੀ ਪ੍ਰਾਪਤੀ ਦੇ ਮਾਰਗ ਨੂੰ ਬਾਖੂਬੀ ਬਿਆਨਿਆ ਗਿਆ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ’ਚ ਦਰਜ ਕੀਤੀ ਗਈ ਹੈ। ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੇਂਦਰੀ ਭਾਵ ਮੰਨਣਾ ਇਸ ਬਾਣੀ ਦੀ ਮਹੱਤਤਾ ਨੂੰ ਆਪ-ਮੁਹਾਰੇ ਪ੍ਰਗਟ ਕਰਦਾ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਹੈ। ਇਸ ਦੀ ਗਵਾਹੀ ਸਾਨੂੰ ਭਾਈ ਗੁਰਦਾਸ ਜੀ ਦੀ ਇਕ ਵਾਰ ਦੀ ਪਉੜੀ ਤੋਂ ਮਿਲਦੀ ਹੈ, ਜਿਸ ’ਚ ਉਹ ਜ਼ਿਕਰ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਰਹਿਣ ਸਮੇਂ ਅੰਮਿ੍ਰਤ ਵੇਲੇ ਜਪੁ ਬਾਣੀ ਦਾ ਪਾਠ ਕਰਿਆ ਕਰਦੇ ਸਨ :

ਅੰਮਿ੍ਰਤ ਵੇਲੇ ਜਾਪ ਉਚਾਰਾ।

ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਬਾਣੀਆਂ ਦੀ ਤਰਤੀਬ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੇ ਕ੍ਰਮ ਅਨੁਸਾਰ ਕੀਤੀ ਗਈ ਹੈ। ਸੋ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ’ਚ ਇਸ ਬਾਣੀ ਨੂੰ ਦਰਜ ਕਰਨਾ ਵੀ ਇਸ ਦਾ ਸੰਕੇਤ ਹੈ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਹੈ।

ਜਪੁ ਜੀ ਸਾਹਿਬ ਬਾਣੀ ਦਾ ਸਿਰਲੇਖ ‘ਜਪੁ’ ਹੈ ਪਰ ਸਤਿਕਾਰ ਸਹਿਤ ‘ਜੀ’ ਤੇ ‘ਸਾਹਿਬ’ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਾਣੀ ਗੁਰਮਤਿ ਦੇ ਬਹੁ ਵਿਸ਼ਿਆਂ ਦਾ ਸੁਮੇਲ ਹੈ। ਇਸ ਬਾਣੀ ’ਚ ਅਕਾਲ ਪੁਰਖ, ਅਕਾਲ ਪੁਰਖ ਦੇ ਸਰੂਪ, ਨਦਰਿ, ਕਰਮ, ਨਾਮ-ਸਿਮਰਨ, ਅਧਿਆਤਮਿਕ ਮਾਰਗ ’ਤੇ ਚੱਲਣ ਵਾਲੇ ਪਾਂਧੀ ਦੇ ਮਾਰਗ ਦੀਆਂ ਪੰਜ ਅਵਸਥਾਵਾਂ (ਜਿਨਾਂ ਨੂੰ ਪੰਜ ਖੰਡ ਕਿਹਾ ਜਾਂਦਾ ਹੈ) ਆਦਿਕ ਵਿਸ਼ਿਆਂ ਨੂੰ ਬਿਆਨਿਆ ਗਿਆ ਹੈ। ਇਹ ਆਕਾਰ ਦੇ ਪੱਖ ਤੋਂ ਭਾਵੇਂ ਜ਼ਿਆਦਾ ਲੰਮੇਰੀ ਬਾਣੀ ਨਹੀਂ ਪਰ ਵਿਸ਼ੇ-ਵਸਤੂ ਦੀ ਰਹੱਸਆਤਮਿਕਤਾ ਤੇ ਗਹਿਰ-ਗੰਭੀਰਤਾ ਦੇ ਪੱਖ ਤੋਂ ਬਹੁਤ ਜ਼ਿਆਦਾ ਵਿਸ਼ਾਲਤਾ ਰੱਖਣ ਵਾਲੀ ਬਾਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ’ਚ ਬਾਕੀ ਵਿਸ਼ਿਆਂ ਵਾਂਗ ਪ੍ਰੇਮਾ ਭਗਤੀ ਦੇ ਸੰਕਲਪ ਨੂੰ ਵੀ ਬਾਖੂਬੀ ਬਿਆਨਿਆ ਹੈ। ਇਸ ’ਚ ਪ੍ਰੇਮ ਲਈ ਭਾਉ, ਪ੍ਰੇਮ, ਰੰਗਿ, ਪਿਆਰੁ ਆਦਿ ਸ਼ਬਦ ਵਰਤੇ ਗਏ ਹਨ।

ਗੁਰੂ ਜੀ ਨੇ ਇਸ ਬਾਣੀ ’ਚ ਮਨੁੱਖੀ ਜੀਵਨ ਦੀ ਉਦਾਹਰਨ ਦਿੰਦਿਆਂ ਪ੍ਰੇਮ ਦੀ ਮਿਹਰਾਮਤਿ ਦਾ ਬਾਖੂਬੀ ਜ਼ਿਕਰ ਕੀਤਾ ਹੈ ਕਿ ਜਿਵੇਂ ਸਾਡੇ ਤਨ ਨੂੰ ਮੈਲ ਜਾਂ ਧੂੜ-ਮਿੱਟੀ ਲੱਗ ਜਾਂਦੀ ਹੈ ਤਾਂ ਅਸੀਂ ਪਾਣੀ ਨਾਲ ਸਾਫ਼ ਕਰਦੇ ਹਾਂ ਤੇ ਜੇ ਸਾਡੇ ਕੱਪੜਿਆਂ ਨੂੰ ਮਲ ਲੱਗਦਾ ਹੈ ਤਾਂ ਅਸੀਂ ਸਾਬਣ ਆਦਿ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਸਾਫ਼ ਕਰਦੇ ਹਾਂ ਪਰ ਮਨ ਸੂਖ਼ਮ ਹੈ ਤੇ ਉਸ ਵਿਚਲੀ ਵਿਕਾਰਾਂ ਜਾਂ ਪਾਪਾਂ ਦੀ ਮੈਲ ਨੂੰ ਕੇਵਲ ਅਕਾਲ ਪੁਰਖ ਦੇ ਨਾਮ ਪ੍ਰਤੀ ਪ੍ਰੇਮ ਸਦਕਾ ਹੀ ਸਾਫ਼ ਕੀਤਾ ਜਾ ਸਕਦਾ ਹੈ, ‘ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥’ ਜਪੁ ਜੀ ਸਾਹਿਬ ਬਾਣੀ ਦੀ ਸ਼ੈਲੀ ਸੰਜਮਮਈ ਹੈ ਤੇ ਵਿਚਾਰ ਇੰਨੇ ਗੰਭੀਰ ਤੇ ਸੂਖ਼ਮ ਹਨ ਕਿ ਇਸ ਦਾ ਤਸੱਲੀਬਖ਼ਸ਼ ਟੀਕਾ ਅੱਜ ਤੱਕ ਨਹੀਂ ਲਿਖਿਆ ਗਿਆ ਹਾਲਾਂਕਿ ਸਭ ਤੋਂ ਵੱਧ ਟੀਕੇ ਇਸ ਬਾਣੀ ਦੇ ਕੀਤੇ ਗਏ ਹਨ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ’ਚ ਜਿੱਥੇ ਬਹੁਤ ਸਾਰੇ ਦਾਰਸ਼ਨਿਕ ਵਿਸ਼ਿਆਂ ਦੀ ਵਿਆਖਿਆ ਕੀਤੀ ਹੈ, ਉੱਥੇ ਹੀ ਪ੍ਰਭੂ ਦੀ ਇਬਾਦਤ ਕਰਨ ਲਈ ਪ੍ਰਭੂ ਪ੍ਰਤੀ

ਪ੍ਰੇਮ ਦੀ ਭਾਵਨਾ ਨੂੰ ਮੂਲ ਗੁਣ ਰੂਪ ਵਜੋਂ ਬਿਆਨਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੇ ਗਏ ਨਿਰਮਲ ਪੰਥ ’ਚ ਫੋਕਟ ਕਰਮ ਕਾਂਡਾਂ ਦੇ ਮਾਰਗ ਦੀ ਥਾਂ ਪ੍ਰੇਮਾ ਭਗਤੀ ਦੇ ਮਾਰਗ ਦੀ ਪ੍ਰੋੜਤਾ ਕੀਤੀ ਗਈ ਹੈ। ਭਾਈ ਗੁਰਦਾਸ ਜੀ ਅਨੁਸਾਰ ਪਰਮਾਤਮਾ ਕੇਵਲ ਜਗਿਆਸੂ ਦੇ ਪ੍ਰੇਮ ਦੀ ਭੁੱਖ ਰੱਖਦਾ ਹੈ :

ਗੋਬਿੰਦ ਭਾਉ ਭਗਤਿ ਦਾ ਭੁਖਾ।

ਭਾਈ ਗੁਰਦਾਸ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਉਦਾਸੀਆਂ ਸਮੇਂ ਵੱਖ-ਵੱਖ ਤੀਰਥ ਅਸਥਾਨਾਂ ’ਤੇ ਲੋਕਾਈ ਨੂੰ ਰੂਹਾਨੀ ਗਿਆਨ ਵੰਡਣ ਲਈ ਗਏ ਤਾਂ ਉੱਥੇ ਗੁਰੂ ਜੀ ਨੇ ਲੋਕਾਂ ’ਚ ਕਰਮ ਕਾਂਡਾਂ ਪ੍ਰਤੀ ਉਤਸ਼ਾਹ ਦੇਖ ਕੇ ਮਹਿਸੂਸ ਕੀਤਾ ਕਿ ਇਹ ਲੋਕ ਪ੍ਰਭੂ ਪ੍ਰੇਮ ਵਿਹੂਣੇ ਹੋ ਕੇ ਕੇਵਲ ਕਰਮ ਕਾਂਡਾਂ ਤੱਕ ਸੀਮਤ ਹੋ ਚੁੱਕੇ ਹਨ। ਸੋ ਗੁਰੂ ਜੀ ਨੇ ਪ੍ਰੇਮ ਵਿਹੂਣੇ ਕਰਮ ਕਾਂਡਾਂ ਨੂੰ ਵਿਅਰਥ ਦੱਸਿਆ :

ਪੂਰਬ ਧਰਮ ਬਹੁ ਕਰਮ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ।

Leave a Reply

Your email address will not be published. Required fields are marked *