ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਦਾ ਬਾਹਰ ਖੁਲ੍ਹੇ ਸ਼ਰਾਬ ਦੇ ਠੇਕੇ ਦਾ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਜਿਤਾਇਆ ਵਿਰੋਧ
1 min read

ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਣ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਉਸ ਸਮੇ ਖੁਲਦੀ ਹੋਈ ਨਜਰ ਆਈ ਜਦੋ ਵਾਲਮੀਕਿ ਆਸ਼ਰਮ ਰਾਮ ਤੀਰਥ ਦੇ ਬਾਹਰ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ ਜਿਸਦੇ ਚਲਦੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ,ਜਿਸਦੇ ਚਲਦੇ ਅੱਜ ਭਗਵਾਨ ਵਾਲਮੀਕਿ ਸ਼ਕਤੀ ਸੇਨਾ (ਰਜਿ.) ਪੰਜਾਬ ਦੇ ਅਹੁਦੇਦਾਰਾਂ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਲੱਕੀ ਵੈਦ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਪਹੁੰਚਿਆ,ਇਸ ਉਪਰੰਤ ਪ੍ਰੈੱਸ ਨਾਲ ਗੱਲਬਾਤ ਦੌਰਾਨ ਇਹਨਾਂ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਭਗਵਾਨ ਵਾਲਮੀਕਿ ਆਸ਼ਰਮ ਪੂਰੇ ਵਿਸ਼ਵ ਵਿੱਚ ਵੱਸਦੇ ਭਗਵਾਨ ਵਾਲਮੀਕਿ ਮਹਾਰਾਜ ਵਿੱਚ ਆਸਥਾ ਰੱਖਣ ਵਾਲੇ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਦਾ ਕੇਂਦਰ ਹੈ। ਇਸ ਪਾਵਨ ਅਸਥਾਨ ਤੇ ਹੀ ਮਾਤਾ ਸੀਤਾ ਜੀ ਨੇ ਆਪਣੇ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ ਅਤੇ ਇਸ ਮਹਾਨ ਅਸਥਾਨ ਤੇ ਹੀ ਭਗਵਾਨ ਵਾਲਮੀਕਿ ਜੀ ਨੇ ਉਹਨਾਂ ਦੋਨਾਂ ਨੂੰ ਸ਼ਸਤਰ ਅਤੇ ਸ਼ਾਸਤਰ ਦੀ ਵਿੱਦਿਆ ਦਿੱਤੀ ਸੀ। ਉਹਨਾਂ ਕਿਹਾ ਕਿ ਇਸ ਮਹਾਨ ਤੀਰਥ ਸਥਾਨ ਦੇ ਨਾਲ ਵਾਲਮੀਕਿ ਸਮਾਜ ਦੇ ਨਾਲ-ਨਾਲ ਹਿੰਦੂ ਸਮਾਜ ਦੀਆਂ ਵੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਪਾਵਨ ਅਤੇ ਪਵਿੱਤਰ ਅਸਥਾਨ ਦੇ ਮੇਨ ਗੇਟ ਦੇ ਨਜ਼ਦੀਕ ਸ਼ਰਾਬ ਦਾ ਠੇਕਾ ਖੋਲ੍ਹਣਾ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਸਮੁੱਚੇ ਵਾਲਮੀਕਿ ਸਮਾਜ ਦੀਆ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ ਅਤੇ ਪੂਰੇ ਵਾਲਮੀਕਿ ਸਮਾਜ ਵਿਚ ਗੁੱਸੇ ਦੀ ਲਹਿਰ ਫੈਲ ਗਈ ਹੈ। ਇਸ ਲਈ ਉਹ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਨ ਕਿ ਸ਼ਰਾਬ ਦੇ ਠੇਕੇ ਨੂੰ ਜ਼ਲਦ ਤੋਂ ਜ਼ਲਦ ਬੰਦ ਕਰਵਾਇਆ ਜਾਵੇ ਅਤੇ ਠੇਕਾ ਖੋਲ੍ਹਣ ਵਾਲਿਆਂ ਤੇ 295-A ਦਾ ਪਰਚਾ ਦਰਜ ਕੀਤਾ ਜਾਵੇ। ਪ੍ਰੰਤੂ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਭਗਵਾਨ ਵਾਲਮੀਕਿ ਸ਼ਕਤੀ ਸੇਨਾ ਵੱਲੋਂ ਪੂਰੇ ਪੰਜਾਬ ਵਿੱਚ ਇਸ ਅਪਮਾਨ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਪੂਰੀ ਜਿੰਮੇਵਾਰੀ ਸਿਰਫ਼ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।