ਸਿੱਧੂ ਦੇ ਪ੍ਰਧਾਨ ਬਣਨ ਨਾਲ ਨਾ ਕਾਂਗਰਸ ਅਤੇ ਨਾ ਹੀ ਪੰਜਾਬ ਦਾ ਕੋਈ ਫਾਇਦਾ ਹੋਣਾ
1 min read

ਪਿਛਲੇ ਕਈ ਦਿਨਾਂ ਦੀਆਂ ਅਟਕਲਾਂ ਅਤੇ ਅੜਿੱਕਿਆਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਜਿੱਥੇ ਪੰਜਾਬ ਖਾਸਕਰ ਸੂਬਾ ਕਾਂਗਰਸ ਵਿਚਲਾ ਸਿਆਸੀ ਮਾਹੌਲ ਗਰਮਾਹਟ ਫੜ੍ਹ ਗਿਆ, ਉਥੇ ਹੀ ਸਿੱਧੂ ਦੀ ਪ੍ਰਧਾਨਗੀ ਉੱਪਰ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਵੀ ਪ੍ਰਤੀਕਰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਹੋਰਨਾਂ ਅਕਾਲੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ‘ਤੇ ਆਪਣਾ ਤਿੱਖੀ ਟਿੱਪਣੀ ਕਰਦਿਆਂ ਆਖਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਹਿਤੈਸੀ ਹੋਣ ਸਬੰਧੀ ਸਾਰੀ ਡਰਾਮੇਬਾਜ਼ੀ ਸਿਰਫ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਕੀਤੀ ਜਾ ਰਹੀ ਸੀ ਪ੍ਰੰਤੂ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਨਾ ਕਾਂਗਰਸ ਪਾਰਟੀ ਅਤੇ ਨਾ ਹੀ ਪੰਜਾਬ ਨੂੰ ਕੋਈ ਫ਼ਾਇਦਾ ਹੋਣਾ ਹੈ।ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਇਕ ਕਲਾਕਾਰ ਹੋਣ ਨਾਤੇ ਸਟੇਜਾਂ ਉੱਪਰ ਡਰਾਮੇਬਾਜ਼ੀਆਂ ਕਰਦਾ ਆ ਰਿਹਾ ਹੈ ਇਸੇ ਤਹਿਤ ਉਸ ਨੇ ਸਿਆਸਤ ਨੂੰ ਵੀ ਇਕ ਡਰਾਮੇਬਾਜ਼ੀ ਸਭ ਜਦਕਿ ਸਿਆਸਤ ਲੋਕਾਂ ਦੀ ਸੇਵਾ ਲਈ ਹੁੰਦੀ ਹੈ, ਜਦਕਿ ਉਹ ਭਾਜਪਾ ਵਿੱਚ ਹੁੰਦਿਆਂ ਕਾਂਗਰਸ ਹਾਈ ਕਮਾਂਡ ਦੇ ਲੀਡਰਾਂ ਖਿਲਾਫ਼ ਬੇਹੱਦ ਘਟੀਆ ਦਰਜੇ ਦੀ ਬਿਆਨਬਾਜੀ ਕਰਦਾ ਰਿਹਾ ਅਤੇ ਹੁਣ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਉਨ੍ਹਾਂ ਦੇ ਸੋਹਲੇ ਗਾਉਣ ਲੱਗ ਪਿਆ, ਬਲਕਿ ਜਿਸ ਵੀ ਪਾਰਟੀ ਵਿੱਚ ਸ਼ਾਮਲ ਹੋਇਆ, ਉਸੇ ਪਾਰਟੀ ਵਿੱਚ ਕਾਟੋ ਕਲੇਸ਼ ਖੜ੍ਹਾ ਕਰਕੇ ਰੱਖਦਾ ਰਿਹਾ ਹੈ ਕਿਉਂਕਿ ਇਸ ਦਾ ਕੋਈ ਦੀਨ-ਧਰਮ ਨਹੀਂ ਹੈ।ਹਲਕਾ ਇੰਚਾਰਜ ਸੰਧੂ ਨੇ ਆਖਿਆ ਕਿ ਇਸ ਸਾਰੀ ਖੇਡ ਕਾਗ਼ਜ਼ ਪਾਰਟੀ ਦੀ ਇਕ ਡਰਾਮੇਬਾਜ਼ੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮੀ ਨੂੰ ਛੁਪਾਉਣ ਖਾਤਰ ਖੇਡੀ ਜਾ ਰਹੀ ਹੈ ਕਿਉਂਕਿ ਕੈਪਟਨ ਨੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਬਲਕਿ ਅਗਾਮੀ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਵਿਚ ਜਾਣ ਮੌਕੇ ਨਮੋਸ਼ੀ ਤੋਂ ਬਚਣ ਲਈ ਹੁਣ ਸਿੱਧੂ ਨੂੰ ਅੱਗੇ ਲਗਾਇਆ ਹੈ ਪ੍ਰੰਤੂ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ਇਨ੍ਹਾਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਸਵਾਲੀਆ ਅੰਦਾਜ ‘ਚ ਪੁੱਛਿਆ ਕਿ ਜੋ ਗੱਲਾਂ ਪ੍ਰਧਾਨ ਬਣਨ ਪਹਿਲਾਂ ਕਹਿ ਰਹੇ ਸਨ ਜਾਂ ਜੋ ਸਵਾਲਾਂ ਦੇ ਜਵਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਮੰਗ ਰਹੇ ਸਨ, ਕੀ ਉਨ੍ਹਾਂ ਨੂੰ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਕੇ ਪੂਰਾ ਕਰਵਾਉਣਗੇ।