ਹਰਿਆਣਾ ਦੇ ਰਾਜਪਾਲ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਫੈਪ ਸਟੇਟ ਐਵਾਰਡ-2021` ਦੌਰਾਨ ਸੂਬੇ ਦੇ ਸਰਬੋਤਮ ਪ੍ਰਾਈਵੇਟ ਸਕੂਲਾਂ ਦਾ ਕੀਤਾ ਸਨਮਾਨ
1 min read

ਗੁਣਵੱਤਾਪੂਰਨ ਸਕੂਲੀ ਸਿੱਖਿਆ ਦੇ ਖੇਤਰ `ਚ ਅਹਿਮ ਯੋਗਦਾਨ ਪਾਉਣ ਵਾਲੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਪਹਿਲੀ ਵਾਰ ਰਾਜ ਪੱਧਰੀ ਪੁਰਸਕਾਰ ਦੇਣ ਲਈ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ (ਫੈਪ) ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਮਾਗਮ ਕਰਵਾਇਆ ਗਿਆ।ਇਨ੍ਹਾਂ ਪੁਰਸਕਾਰਾਂ ਅਧੀਨ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਅਧੀਨ ਬੈਸਟ ਸਕੂਲ, ਬੈਸਟ ਪ੍ਰਿੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਐਵਾਰਡ ਭੇਂਟ ਕੀਤੇ ਗਏ, ਜਿਸ `ਚ 569 ਸਕੂਲ ਐਵਾਰਡ ਅਤੇ 132 ਪ੍ਰਿੰਸੀਪਲ ਐਵਾਰਡ ਸ਼ਾਮਲ ਹਨ।ਸਮਾਗਮ ਦੌਰਾਨ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ।ਇਸ ਦੌਰਾਨ ਉਘੇ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗ ਰਾਜ ਸ਼ਰਮਾ, ਪੰਜਾਬ ਆਰਟ ਕਾਊਂਸਲ ਦੇ ਪ੍ਰੈਜੀਡੈਂਟ ਅਤੇ ਉੱਘੇ ਲੇਖਕ ਡਾ. ਸੁਰਜੀਤ ਸਿੰਘ ਪਾਤਰ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਜੈਕ ਦੇ ਚੀਫ਼ ਪੈਟਰਨ ਸ. ਸਤਨਾਮ ਸਿੰਘ ਸੰਧੂ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਰਹੇ।