ਸਮੇਂ ਦੀ ਤੋਰ ਨਾਲ ਸਾਡੀਆਂ ਬਾਲ ਖੇਡਾਂ ਟੀਵੀ ਤੇ ਨੈੱਟ ਨੇ ਖੋਹ ਲਈਆਂ।
1 min read

ਅੱਜ ਬਹੁਤੇ ਬੱਚੇ ਵਿਹਲੇ ਸਮੇਂ ਵਿਚ ਇਨ੍ਹਾਂ ਸਾਧਨਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਿਹਤ ਦਾ ਨਾਸ਼ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀਵੀ ਜਾਂ ਨੈੱਟ ’ਤੇ ਖੇਡਾਂ ਖੇਡ ਕੇ ਬੱਚਿਆਂ ਦੀ ਬੁੱਧੀ ਤਾਂ ਵਿਕਸਤ ਹੋ ਸਕਦੀ ਹੈ ਪਰ ਸਿਹਤ ਨਹੀਂ।
ਖੇਡਾਂ ਖਿਡਾਵੇ ਦਾਦੀ ਦੂੰ ਦਾਰਾ ਦੂੰ’ ਵਰਗੇ ਗੀਤਾਂ ਦੇ ਸਿਰਜਕ ਕਲਾਕਾਰ, ਅਦਾਕਾਰ, ਸਾਹਿਤਕਾਰ ਤੇ ਚਿੱਤਰਕਾਰ ਕਮਲਜੀਤ ਨੀਲੋਂ ਨੇ ਆਪਣਾ ਸਾਰਾ ਜੀਵਨ ਬਾਲ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਕੀਤਾ ਹੈ। ‘ਏਕੇ ਦੇ ਕੰਨ ਵਿਚ ਕਹਿੰਦਾ ਦੇ ਦੂਆ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ’ ਵਰਗੇ ਅਨੇਕਾਂ ਗੀਤਾਂ ਰਾਹੀਂ ਬਾਲ ਖੇਡਾਂ ਨੂੰ ਪੇਸ਼ ਕੀਤਾ ਹੈ।
ਕੋਟਲਾ ਛਪਾਕੀ, ਬਾਂਦਰ ਕੀਲਾ, ਬਾਰਾਂ ਟਾਹਣੀ, ਖਿੱਦੋ ਖੁੰਡੀ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਗੁੱਲੀ ਡੰਡਾ, ਛੂਹਣ ਛੁਆਈ, ਲੁਕਣਮੀਟੀ, ਪਿੱਠੂ ਕਾਰੇ, ਅੱਡਾ-ਖੱਡਾ, ਬਾਂਟੇ ਆਦਿ ਜਿਹੀਆਂ ਅਨੇਕਾਂ ਖੇਡਾਂ ਸਨ, ਜਿਹੜੀਆਂ ਅਸੀਂ ਬਾਲ ਉਮਰੇ ਖੇਡਦੇ ਰਹੇ ਸੀ। ਬਾਲੜੀਆਂ ਦੀਆਂ ਪੁਰਾਤਨ ਖੇਡਾਂ ਵਿਚ ਪੀਚੋ ਬੱਕਰੀ, ਬੁੱਢੀ ਮਾਈ, ਕਿੱਕਲੀ, ਸਮੰੁਦਰ ਤੇ ਮੱਛੀ, ਗੀਟੇ, ਗੁੱਡੀਆਂ ਪਟੋਲੇ, ਰੰਗਣੀਏ ਨੀ ਰੰਗ ਬੋਲ, ਵੰਗਾਂ ਦੀ ਖੇਡ, ਬਿੱਲੀਏ ਨੀ ਬਿੱਲੀਏ, ਟੱਲੀ ਮਟੱਲੀਆਂ, ਰੱਸੀ ਟੱਪਣਾ ਆਦਿ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ।

ਜੀਵਨ ਫਲਸਫ਼ੇ ਨੂੰ ਦਿੱਤਾ ਬਦਲ
ਅਜੋਕੇ ਸਮੇ ਨੇ ਸਾਡੇ ਸਾਰੇ ਜੀਵਨ ਫਲਸਫ਼ੇ ਨੂੰ ਬਦਲ ਦਿੱਤਾ ਹੈ। ਕਿਸੇ ਬੱਚੇ ਕੋਲ ਵਿਹਲ ਹੀ ਨਹੀਂ ਰਿਹਾ। ਤੜਕੇ ਹੀ ਸਕੂਲ ਬੱਸ ਬੱਚਿਆਂ ਨੂੰ ਸਕੂਲ ਵੱਲ ਲੈ ਜਾਂਦੀ ਹੈ ਤੇ ਸ਼ਾਮ ਨੂੰ ਘਰ ਛੱਡ ਦਿੰਦੀ ਹੈ। ਬਾਅਦ ’ਚ ਟਿਊਸ਼ਨ ਦਾ ਭਾਰ ਬਸਤੇ ਦੇ ਭਾਰ ਨਾਲ ਬੱਚਿਆਂ ਨੂੰ ਦੱਬੀ ਫਿਰ ਰਿਹਾ ਹੈ। ਹਰ ਮਾਪੇ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਕੇ ਵੱਡਾ ਅਫ਼ਸਰ ਬਣੇ ਪਰ ਉਸ ਦੀ ਮਾਨਸਿਕਤਾ ਦੀ ਕਿਸੇ ਨੂੰ ਪਰਵਾਹ ਨਹੀਂ ਹੈ। ਇਸੇ ਕਰਕੇ ਨੌਜਵਾਨ ਪੀੜ੍ਹੀ ਮਾਪਿਆਂ ਤੇ ਅਧਿਆਪਕਾਂ ਤੋਂ ਬਾਗੀ ਹੋ ਰਹੀ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ। ਭਾਵੇਂ ਅੱਜ-ਕੱਲ੍ਹ ਆਧੁਨਿਕ ਸਾਧਨਾਂ ਨੇ ਸਾਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ, ਫਿਰ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬਾਲਾਂ ਨੂੰ ਉਨ੍ਹਾਂ ਦੀ ਮਾਨਸਿਕਤਾ ਤੇ ਸਰੀਰ ਨੂੰ ਵਿਕਸਤ ਕਰਨ ਵਾਲੀਆਂ ਬਾਲ ਖੇਡਾਂ ਖੇਡਣ ਦਾ ਮੌਕਾ ਦੇਈਏ।
ਖੇਡ ਰੁਚੀ ਨਾਲ ਵੱਧ ਸਕਦੇ ਹਾਂ ਅੱਗੇ

ਖੇਡ ਰੁਚੀ ਨਾਲ ਅਸੀਂ ਹੋਰ ਅੱਗੇ ਵੱਧ ਕੇ ਜੀਵਨ ਸਫ਼ਰ ਦੀਆਂ ਅਨੇਕਾਂ ਮੰਜ਼ਿਲਾਂ ਨੂੰ ਸਰ ਕਰ ਸਕਦੇ ਹਾਂ। ਇਸ ਖੇਤਰ ’ਚ ਵਧੀਆ ਕਰੀਅਰ ਦੀਆਂ ਸੰਭਾਵਨਾਵਾਂ ਵੀ ਮੌਜੂਦ ਹਨ। ਖੇਡ ਕੋਟੇ ਰਾਹੀਂ ਅਸੀਂ ਆਪਣੀ ਰਾਜ ਪੱਧਰੀ ਜਾਂ ਕੌਮੀ ਪੱਧਰੀ ਪ੍ਰਾਪਤੀਆਂ ਨਾਲ ਉੱਚ ਅਹੁਦਿਆਂ ’ਤੇ ਵੀ ਬਿਰਾਜਮਾਨ ਹੋ ਸਕਦੇ ਹਾਂ। ਲੋੜ ਹੈ ਬਾਲਾਂ ਨੂੰ ਉਨ੍ਹਾਂ ਦੀ ਮਨਚਾਹੀ ਖੇਡ ਖੇਡਣ ਦਾ ਮੌਕਾ ਪ੍ਰਦਾਨ ਕਰਨ ਦੀ। ਆਓ, ਆਪਾਂ ਸਾਰੇ ਰਲ ਕੇ ਇਸ ਕਾਰਜ ਨੂੰ ਸਫਲ ਕਰਨ ’ਚ ਆਪੋ-ਆਪਣਾ ਯੋਗਦਾਨ ਪਾਈਏ। ਅਸੀਂ ਬਚਪਨ ’ਚ ਪਹਿਲੀ ਜ਼ਿੰਮੇਵਾਰੀ ਮਾਂ ਤੇ ਫਿਰ ਪਰਿਵਾਰ ਸਿਰ ਪਾਉਂਦੇ ਹਾਂ। ਉਸ ਤੋਂ ਬਾਅਦ ਸਾਰੇ ਅਧਿਆਪਕਾਂ ਨੇ ਇਨ੍ਹਾਂ ਰੁਚੀਆਂ ਨੂੰ ਪ੍ਰਫੱੁਲਤ ਕਰਨ ਵਿਚ ਯੋਗਦਾਨ ਪਾਉਣਾ ਹੁੰਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਹਰ ਸਕੂਲ ਵਿਚ ਇਕ ਸਰੀਰਕ ਸਿੱਖਿਆ ਅਧਿਆਪਕ ਜ਼ਰੂਰ ਮੁਹੱਈਆ ਕਰੇ। ਸਰੀਰਕ ਤੌਰ ’ਤੇ ਕਮਜ਼ੋਰ ਪੀੜ੍ਹੀ ਕਿਸੇ ਦਾ ਵੀ ਭਲਾ ਨਹੀਂ ਕਰ ਸਕਦੀ। ਇਸ ਲਈ ਆਓ ਆਪਾਂ ਸਾਰੇ ਰਲ ਕੇ ਬਾਲ ਉਮਰ ਦੀਆਂ ਖੇਡਾਂ ਨੂੰ ਮੁੜ ਸੁਰਜੀਤ ਕਰੀਏ। ਅਜਿਹਾ ਕਰਨ ਨਾਲ ਵੀ ਅਸੀਂ ਸੋਹਣੇ ਤੇ ਸੁਚੱਜੇ ਸਮਾਜ ਦੀ ਸਿਰਜਣਾ ਕਰ ਸਕਾਂਗੇ।

ਸਕੂਲ ’ਚ ਮਿਲਦੇ ਹਨ ਮੌਕੇ
ਸਕੂਲ-ਕਾਲਜਾਂ ਵਿਚ ਜਾ ਕੇ ਤਾਂ ਫੁੱਟਬਾਲ, ਕਬੱਡੀ, ਖੋ- ਖੋ, ਅਥਲੈਟਿਕਸ, ਹਾਕੀ, ਕਿ੍ਰਕਟ ਆਦਿ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਖੇਡਣ ਦਾ ਮੌਕਾ ਮਿਲ ਜਾਂਦਾ ਹੈ। ਸਿਰਫ਼ ਲੋੜ ਹੈ ਤਾਂ ਬਚਪਨ ਦੀਆਂ ਖੇਡਾਂ ਨੂੰ ਸੰਭਾਲਣ ਦੀ। ਇਨ੍ਹਾਂ ਖੇਡਾ ਰਾਹੀਂ ਹੀ ਉਨ੍ਹਾਂ ਦਾ ਹਰ ਪੱਖੋਂ ਵਿਕਾਸ ਹੋਵੇਗਾ। ਜਦੋਂ ਬੱਚੇ ਮਨਚਾਹੀਆਂ ਖੇਡਾਂ ਖੇਡਦੇ ਹਨ ਤਾਂ ਉਨ੍ਹਾਂ ਦਾ ਮਨ ਫੁੱਲ ਵਾਂਗ ਖਿੜ ਜਾਂਦਾ ਹੈ। ਸੋ ਆਓ ਆਪਾਂ ਸਾਰੇ ਰਲ ਕੇ ਬੱਚਿਆਂ ਦੇ ਬਚਪਨ ਨੂੰ ਮੋੜ ਲਿਆਈਏ। ਪਿੰਡਾਂ ਦੇ ਬੋਹੜਾਂ ਥੱਲੇ ਤੇ ਥੜਿਆਂ ਲਾਗੇ ਉਨ੍ਹਾਂ ਨੂੰ ਬਾਲ ਖੇਡਾਂ ਖੇਡਣ ਦੇ ਮੌਕੇ ਪ੍ਰਦਾਨ ਕਰੀਏ। ਇਸ ਮੌਕੇ ਉਨ੍ਹਾਂ ਦੇ ਜੀਵਨ ਸੰਘਰਸ਼ ਨੂੰ ਹਿੰਮਤ, ਲਗਨ, ਹੌਸਲੇ, ਦਿ੍ਰੜਤਾ, ਇਮਾਨਦਾਰੀ, ਇੱਛਾ ਸ਼ਕਤੀ ਆਦਿ ਗੁਣਾਂ ਨਾਲ ਭਰਪੂਰ ਕਰਨਗੇ। ਜਿਸ ਬਾਲ ਅੰਦਰ ਇਨ੍ਹਾਂ ਗੁਣਾ ਦੇ ਬੀਜ ਪੁੰਗਰ ਪੈਣ, ਉਹ ਵੱਡਾ ਹੋ ਕੇ ਕਦੇ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ। ਸੋ ਅੱਜ ਸਾਡੇ ਦੇਸ਼ ਨੂੰ ਅਜਿਹੇ ਇਨਸਾਨਾਂ ਦੀ ਲੋੜ ਹੈ, ਜਿਹੜੇ ਇਨਸਾਨੀ ਕਦਰਾਂ-ਕੀਮਤਾਂ ਨਾਲ ਲੈਸ ਹੋ ਕੇ ਇਸ ਦੇਸ਼ ਕੌਮ ਦੀ ਬਿਹਤਰੀ ਲਈ ਕਾਰਜ ਕਰ ਸਕਣ। ਪੂਰੇ ਮਾਨਸਿਕ ਢਾਂਚੇ ਨੂੰ ਖੇਡਾਂ ਦੇ ਮਨੋਰੰਜਕ ਨਾਲ ਹੀ ਸ਼ਿੰਗਾਰਿਆ ਤੇ ਸੰਵਾਰਿਆ ਜਾ ਸਕਦਾ ਹੈ। ਮਨੋਰੰਜਕ ਢੰਗ ਨਾਲ ਉਸਰਿਆ ਬਚਪਨ ਚੰਗੀ ਜੁਆਨੀ ਦੀ ੳਮੀਦ ਬੰਨ੍ਹਦਾ ਹੈ। ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਨਾਗਰਿਕ ਹੀ ਦੇਸ਼ ਕੌਮ ਦੀ ਰਾਖੀ ਅਤੇ ਸੰਚਾਲਨ ਸੁਚੱਜੇ ਢੰਗ ਨਾਲ ਕਰ ਸਕਦੇ ਹਨ।
