ਧੂਮ-ਧੜੱਕੇ ਨਾਲ ਸੱਤ ਦਿਨ ਮਨਾਇਆ ‘ਤੀਜ ਦੀਆਂ ਤੀਆਂ ਦਾ ਤਿਉਹਾਰ
1 min read

ਰਾਏਕੋਟ ਦੇ ਪਿੰਡ ਝੋਰੜਾਂ ਵਿਖੇ 31 ਸਾਲਾਂ ਬਾਅਦ ਤੀਆਂ ਦੀ ਤ੍ਰਿੰਝਣ ਜੁੜੀ, ਤੀਜ ਦੀਆਂ ਤੀਆਂ ਦਾ ਤਿਉਹਾਰ ਸਰਪੰਚ ਦਵਿੰਦਰ ਕੌਰ ਗਿੱਲ ਦੀ ਦੇਖ-ਰੇਖ ਹੇਠ ਸੱਤ ਦਿਨ ਧੂਮ-ਧੜੱਕੇ ਨਾਲ ਮਨਾਇਆ ਗਿਆ, ਜਿਸ ਦੀ ਸਮਾਪਤੀ ‘ਤੇ ‘ਬੱਲੋ’ ਪਾਈ ਗਈ। ਇਸ ਮੌਕੇ ਜਿੱਥੇ ਪਿੰਡ ਦੀਆਂ ਲੜਕੀਆਂ, ਔਰਤਾਂ ਤੇ ਬਜ਼ੁਰਗ ਔਰਤਾਂ ਨੇ ਨੱਚ-ਗਾ ਕੇ ਖੁਸ਼ੀ ਮਨਾਈ, ਉੱਥੇ ਹੀ ਵੱਡੀ ਗਿਣਤੀ ‘ਚ ਵਿਆਹੀ ਲੜਕੀਆਂ ਨੇ ਵੀ ਉਚੇਚੇ ਤੌਰ ‘ਤੇ ਆਪਣੇ ਪੇਕੇ ਪਿੰਡ ਤੀਆਂ ਦੇ ਤਿਉਹਾਰ ਵਿੱਚ ਹਿੱਸਾ ਲਿਆ ਅਤੇ ਦੁੱਖ-ਸੁੱਖ ਸਾਂਝੇ ਕੀਤੇ। ਇਸ ਮੌਕੇ ਲੜਕੀਆਂ ਨੇ ਗਿੱਧਾ, ਬੋਲੀਆਂ, ਲੋਕ ਗੀਤ, ਸਿੱਠਣੀਆਂ ਸੁਣਾਈਆਂ,ਉਥੇ ਹੀ ਜ਼ੋਰ ਨਾਲ ਝੂਮ ਕੇ ਪਾਈ ਕਿੱਕਲੀ ਨਾਲ ਪੈੜ ਨੂੰ ਹਿੱਲਣ ਲਗਾ ਦਿੱਤਾ। ਇਸ ਸਮਾਗਮ ਵਿੱਚ ਆਈਆਂ ਸਹੁਰਿਆਂ ਤੋਂ ਆਈਆਂ ਵਿਆਹੀਆਂ 130 ਲੜਕੀਆਂ ਨੂੰ ਗ੍ਰਾਮ ਪੰਚਾਇਤ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਦਵਿੰਦਰ ਕੌਰ ਗਿੱਲ ਨੇ ਆਖਿਆ ਕਿ ਇਹ ਸਮਾਗਮ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਕਰਵਾਇਆ ਗਿਆ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਵਿਰਸੇ ਤੋਂ ਜਾਣੂੰ ਹੋ ਸਕੇ। ਉਨ੍ਹਾਂ ਦੱਸਿਆ ਕਿ ਆਉਂਦੇ ਸਾਲ ਪਿੰਡ ਵਿੱਚ ਤੀਆਂ ਦਾ ਸਮਾਗਮ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ ਅਤੇ ਪਿੰਡ ਦੀ ਵਿਆਹਤਾ ਲੜਕੀਆਂ ਨੂੰ ਸਨਮਾਨ ਨਿਸ਼ਾਨੀ ਅਤੇ ਕੱਪੜੇ ਆਦਿ ਦੇ ਕੇ ਸਨਮਾਨਿਤ ਕੀਤਾ ਜਾਵੇਗਾ।